ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਨੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ

ਪ੍ਰੋਗਰਾਮ ਤਹਿਤ ਸਪਾਂਸਰਸ਼ਿਪ ਲਈ 10,000 ਅਰਜ਼ੀਆਂ ਸਵੀਕਾਰ ਕਰੇਗਾ IRCC
Advertisement
ਮਾਪਿਆਂ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦਣ ਦੇ ਇੱਛੁਕ ਪਰਵਾਸੀ ਤਿਆਰੀ ਕਰ ਲੈਣ। ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਲ 2025 ਦੇ ਐਲਾਨ ਮੁਤਾਬਕ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (IRCC) ਇਸ ਸਾਲ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਸਪਾਂਸਰਸ਼ਿਪ ਲਈ 10,000 ਤੱਕ ਪੂਰੀਆਂ ਅਰਜ਼ੀਆਂ ਸਵੀਕਾਰ ਕਰੇਗਾ।

ਫੈਡਰਲ ਸਰਕਾਰ 28 ਜੁਲਾਈ, 2025 ਤੋਂ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ (PGP) ਤਹਿਤ ਚੁਣੇ ਹੋਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਲਈ ਸੱਦਾ ਦੇਣਾ ਸ਼ੁਰੂ ਕਰੇਗੀ। IRCC ਦੋ ਹਫ਼ਤਿਆਂ ਦੀ ਮਿਆਦ ਵਿੱਚ 17,860 ਸੱਦੇ ਭੇਜੇਗਾ, ਜਿਸ ਦਾ ਟੀਚਾ ਇਸ ਸਾਲ 10,000 ਪੂਰੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣਾ ਹੈ।

Advertisement

ਜਿਸ ਕਿਸੇ ਨੇ 2020 ਵਿੱਚ ਸਪਾਂਸਰ ਫਾਰਮ ਲਈ ਦਿਲਚਸਪੀ ਜਮ੍ਹਾਂ ਕਰਵਾਈ ਸੀ ਪਰ ਅਜੇ ਤੱਕ ਅਰਜ਼ੀ ਦੇਣ ਲਈ ਸੱਦਾ ਨਹੀਂ ਮਿਲਿਆ ਹੈ, ਉਸ ਨੂੰ 2020 ਵਿੱਚ ਪ੍ਰਦਾਨ ਕੀਤੇ ਗਏ ਈਮੇਲ ਖਾਤੇ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਪੀ.ਜੀ.ਪੀ ਪ੍ਰੋਗਰਾਮ ਯੋਗ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਨੂੰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦੇ ਯੋਗ ਬਣਾਉਂਦਾ ਹੈ। 2025 ਦੇ ਦਾਖ਼ਲੇ ਦੇ ਹਿੱਸੇ ਵਜੋਂ ਅਰਜ਼ੀ ਦੇਣ ਲਈ ਸੱਦਾ ਦਿੱਤੇ ਗਏ ਲੋਕ ਸਥਾਈ ਨਿਵਾਸ ਪੋਰਟਲ ਜਾਂ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਇਲੈੱਕਟ੍ਰਾਨਿਕ ਤੌਰ 'ਤੇ ਜਮ੍ਹਾਂ ਕਰਵਾ ਸਕਦੇ ਹਨ।

ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮੰਤਰਾਲੇ ਨੇ ਦੱਸਿਆ ਕਿ ਸਿਰਫ਼ ਸਾਲ 2020 ਦੌਰਾਨ ਅਰਜ਼ੀਆਂ ਦਾਖਲ ਕਰਨ ਨੂੰ ਸੱਦੇ ਭੇਜੇ ਜਾ ਰਹੇ ਹਨ। ਇਸ ਦੇ ਬਾਵਜੂਦ 28 ਜੁਲਾਈ ਤੋਂ ਬਾਅਦ ਸੱਦਾ ਹਾਸਲ ਕਰਨ ਤੋਂ ਖੁੰਝੇ ਪਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਆਪਸ਼ਨ ਲੈ ਸਕਦੇ ਹਨ। ਸੁਪਰ ਵੀਜ਼ਾ ਰਾਹੀਂ ਪਰਵਾਸੀਆਂ ਦੇ ਮਾਪੇ, ਦਾਦਾ-ਦਾਦੀ ਜਾਂ ਨਾਨਾ-ਨਾਨੀ ਪੰਜ ਸਾਲ ਤੱਕ ਕੈਨੇਡਾ ਵਿਚ ਰਹਿ ਸਕਦੇ ਹਨ। ਇਸ ਤੋਂ ਇਲਾਵਾ ਕੈਨੇਡਾ ਵਿਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਕੱਚੇ ਜਾਂ ਪੱਕੇ ਤੌਰ ’ਤੇ ਆਉਣ ਵਾਲਿਆਂ ਦੀ ਗਿਣਤੀ ਵਿਚ ਕਟੌਤੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਰਿਵਾਰਾਂ ਦੇ ਮਿਲਾਪ ਵਾਲੀ ਯੋਜਨਾ ਰਾਹੀਂ 22 ਫ਼ੀਸਦੀ ਪੱਕੇ ਪਰਵਾਸੀਆਂ ਦਾ ਕੈਨੇਡਾ ਵਿਚ ਸਵਾਗਤ ਕੀਤਾ ਜਾ ਰਿਹਾ ਹੈ।

ਕੈਨੇਡਾ ਗਜ਼ਟ ਵਿਚ ਪ੍ਰਕਾਸ਼ਿਤ ਹਦਾਇਤਾਂ ਮੁਤਾਬਕ ਪਰਿਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਇਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗਰੈਂਡਪੇਰੈਂਟਸ ਨੂੰ ਪੀ.ਆਰ. ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ। ਰਿਪੋਰਟ ਕਹਿੰਦੀ ਹੈ ਕਿ ਸਪਾਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਅਤੇ ਅਜਿਹੇ ਵਿਚ ਬੈਕਲਾਗ ਬਹੁਤ ਜ਼ਿਆਦਾ ਵਧ ਸਕਦਾ ਹੈ।

ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਕੁਲ ਅਰਜ਼ੀਆਂ ਦਾ ਬੈਕਲਾਗ ਘਟ ਕੇ 8 ਲੱਖ ਹੋਣ ਦੀ ਰਿਪੋਰਟ ਹੈ ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਚੱਲ ਰਿਹਾ ਸੀ। ਸਭ ਤੋਂ ਜ਼ਿਆਦਾ ਕਮੀ ਟੈਂਪਰੇਰੀ ਰੈਜ਼ੀਡੈਂਸੀ ਵਾਲੀ ਸ਼੍ਰੇਣੀ ਵਿਚ ਆਈ ਹੈ ਅਤੇ ਇਸ ਵੇਲੇ ਬੈਕਲਾਗ ਵਿਚ ਤਕਰੀਬਨ 3.5 ਲੱਖ ਅਰਜ਼ੀਆਂ ਦੱਸੀਆਂ ਜਾ ਰਹੀਆਂ ਹਨ। ਇਸ ਦੇ ਉਲਟ ਪਰਮਾਨੈਂਟ ਰੈਜ਼ੀਡੈਂਸੀ ਵਾਲੀ ਸ਼੍ਰੇਣੀ ਵਿਚ ਅਰਜ਼ੀਆਂ ਦਾ ਬੈਕਲਾਗ 4 ਲੱਖ ਦੇ ਨੇੜੇ ਪੁੱਜ ਗਿਆ ਹੈ। ਸਿਟੀਜ਼ਨਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੁਲ 2.46 ਲੱਖ ਅਰਜ਼ੀਆਂ ਵਿਚੋਂ 46 ਹਜ਼ਾਰ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ।

Advertisement
Show comments