ਕੈਨੇਡਾ: ‘ਖ਼ਾਲਸਾ ਏਡ’ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਦੀ ਰਾਸ਼ੀ ਇਕੱਤਰ
ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੀ ਸੰਸਥਾ ‘ਖ਼ਾਲਸਾ ਏਡ’ ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਵਿਚ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਇਕੱਤਰ ਕੀਤੇ ਹਨ। ਇਸ ਵਿਚ ਮੈਨੀਟੋਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਕ ਲੱਖ ਡਾਲਰ ਦੀ ਸਹਾਇਤਾ ਰਾਸ਼ੀ ਵੀ ਸ਼ਾਮਲ ਹੈ। ਮੈਨੀਟੋਬਾ ਸੂਬੇ ਦੀਆਂ ਸਿੱਖ ਸੰਗਤਾਂ ਵੱਲੋਂ ਵੱਖਰੇ ਤੌਰ ’ਤੇ ਡੇਢ ਲੱਖ ਦੀ ਰਾਸ਼ੀ ਇਕੱਠੀ ਕਰਕੇ ਖ਼ਾਲਸਾ ਏਡ ਨੂੰ ਦਿੱਤੀ ਗਈ ਹੈ।
ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਸੂਬੇ ਦੇ ਮੁੱਖ ਮੰਤਰੀ ਵੈੱਬ ਕਿਨਉ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਵੱਲੋਂ ਇਕ ਲੱਖ ਡਾਲਰ ਦਾ ਚੈੱਕ ਸੌਂਪਿਆ ਗਿਆ। ਮੁੱਖ ਮੰਤਰੀ ਵੈੱਬ ਕਿਨਉ ਨੇ ਖ਼ਾਲਸ ਏਡ ਵੱਲੋਂ ਪੂਰੀ ਦੁਨੀਆ ਵਿੱਚ ਮਾਨਵਤਾ ਦੀ ਭਲਾਈ ਲਈ ਵੱਖ-ਵੱਖ ਸਮਿਆਂ ’ਤੇ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਕੁਦਰਤੀ ਆਫ਼ਤਾਂ ਜਾਂ ਹੋਰ ਮੁਸੀਬਤਾਂ ਵਿੱਚ ਕੀਤੇ ਜਾਂਦੇ ਯਤਨਾਂ ਨੇ ਪੂਰੀ ਦੁਨੀਆ ਵਾਸਤੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਇਸ ਸਹਾਇਤਾ ਰਾਸ਼ੀ ਨਾਲ ਭਾਰਤ ਅਤੇ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤਾਲਮੇਲ ਵਾਲੇ ਐਮਰਜੈਂਸੀ ਰਾਹਤ ਯਤਨਾਂ ਵਿਚ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ: ਕੈਨੇਡਾ ਵਿਚ ਹੜ੍ਹ ਰਾਹਤ ਫੰਡ ਦੀ ਉਗਰਾਹੀ ’ਤੇ ਸਵਾਲ ਉੱਠਣ ਲੱਗੇ
ਕੁਲਜੀਤ ਘੁੰਮਣ ਨੇ ਦੱਸਿਆ ਕਿ ਵਿਨੀਪੈਗ ਦੀ ਸੰਗਤ ਵੱਲੋਂ ਤਕਰੀਬਨ ਡੇਢ ਲੱਖ ਡਾਲਰ ਇਕੱਠਾ ਕੀਤਾ ਗਿਆ ਹੈ ਜਿਸ ਵਿਚ ਸਿੱਖ ਮੋਟਰਸਾਈਕਲ ਕਲੱਬ ਮੈਨੀਟੋਬਾ ਵੱਲੋਂ 26 ਹਜ਼ਾਰ ਡਾਲਰ, ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਗੁਰੂ ਘਰ ਵੱਲੋਂ 21 ਹਜ਼ਾਰ ਡਾਲਰ, ਸਾਊਥ ਸਿੱਖ ਸੈਂਟਰ ਗੁਰੂਘਰ ਵੱਲੋਂ 10 ਹਜ਼ਾਰ ਡਾਲਰ, ਕਲਗ਼ੀਧਰ ਦਰਬਾਰ ਗੁਰੂ ਘਰ ਵੱਲੋਂ 31 ਸੌ, ਵਿਨੀਪੈਗ ਕਬੱਡੀ ਐਸੋਸੀਏਸ਼ਨ ਵੱਲੋਂ 5100, unicity ਟੈਕਸੀ ਵੱਲੋਂ 7500 ਡਾਲਰ ਦਾ ਯੋਗਦਾਨ ਪਾਇਆ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਤੋਂ ਇਲਾਵਾ ਉਨ੍ਹਾਂ ਦਾ ਮੰਤਰੀ ਮੰਡਲ ਅਤੇ ਪੰਜਾਬੀ ਮੂਲ ਦੇ ਐੱਮਐੱਲਏ ਵੀ ਮੌਜੂਦ ਸਨ। ਸਮਾਗਮ ਵਿਚ ਵਿਨੀਪੈਗ ਸ਼ਹਿਰ ਦੇ ਮੇਅਰ, ਵਿਨੀਪੈਗ ਪੁਲੀਸ ਚੀਫ਼ ਅਤੇ ਮੁੱਖ ਵਿਰੋਧੀ ਪਾਰਟੀ ਦੇ ਪ੍ਰਧਾਨ ਓਬੇ ਖ਼ਾਨ ਆਪਣੇ ਐੱਮਐੱਲਏ ਨਾਲ ਮੌਜੂਦ ਸਨ। ਇਸ ਪ੍ਰੋਗਰਾਮ ਵਿਚ ਤਕਰੀਬਨ ਸ਼ਹਿਰ ਦੇ ਪੰਜ ਸੌ ਤੋਂ ਵੀ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਮੈਨੀਟੋਬਾ ਸਰਕਾਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਖ਼ਾਲਸਾ ਏਡ ਮੈਨੀਟੋਬਾ ਦੀ ਇੰਚਾਰਜ ਪਿੰਕੀ ਘੁੰਮਣ ਨੇ ਕਿਹਾ, ‘‘ਅਸੀਂ ਮੈਨੀਟੋਬਾ ਸਰਕਾਰ ਵੱਲੋਂ ਮਿਲੇ ਸਮਰਥਨ ਲਈ ਧੰਨਵਾਦ ਕਰਦੇ ਹਾਂ।’’