ਕੈਨੇਡਾ: ਬੱਬੂ ਮਾਨ ਵੱਲੋਂ ਵਿਨੀਪੈੱਗ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਲਈ ਦੇਣ ਦਾ ਐਲਾਨ
ਪੰਜਾਬ ਵਿੱਚ ਇਸ ਸਮੇਂ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ, ਜਿਸ ਕਾਰਨ 12 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੂਬੇ ਦੇ ਲੋਕਾਂ ਦੀ ਮਦਦ ਲਈ ਹਰ ਵਿਅਕਤੀ ਆਪਣੇੇ ਪੱਧਰ ’ਤੇ ਸਹਿਯੋਗ ਪਾ ਰਹੇ ਹਨ। ਇਸੇ ਸਬੰਘਤ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕੇ ਉਨ੍ਹਾਂ ਦੇ ਵਿਨੀਪੈੱਗ ਸ਼ੋਅ ਦੀ ਸਮੁੱਚੀ ਕਮਾਈ ਨੂੰ ਉਹ ਹੜ੍ਹ ਪੀੜਤਾਂ ਵਾਸਤੇ ਦਾਨ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ, ‘‘ਆਓ ਸਾਰੇ ਰਲ ਕੇ ‘ਪੰਜਾਬ-ਪੰਜਾਬੀਅਤ’ ਲਈ ਅੱਗੇ ਆਈਏ ਅਤੇ ਵੱਧ ਤੋਂ ਵੱਧ ਸਹਾਇਤਾ ਕਰੀਏ।’’
ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਜ਼ਦੀਕੀ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਜ਼ਦੀਕ ਪੈਂਦੇ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਹਨ ਤੇ ਪਸ਼ੂ ਵੀ ਵੱਡੀ ਪੱਧਰ ’ਤੇ ਜਾਂ ਤਾਂ ਮਰ ਗਏ ਹਨ ਜਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਹਨ ਤੇ ਲੋਕ ਸੜਕਾਂ ਉੱਤੇ ਦਿਨ ਕੱਟੀ ਕਰਨ ਲਈ ਮਜਬੂਰ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਲੋਕ ਬੱਬੂ ਮਾਨ ਦੀ ਕੈਨੇਡਾ ਫੇਰੀ ’ਤੇ ਸਵਾਲ ਚੁੱਕ ਰਹੇ ਹਨ, ਪਰ ਇਹ ਸਮਾਂ ਕਿੰਤੂ-ਪ੍ਰੰਤੂ ਕਰਨ ਦਾ ਨਹੀਂ, ਬਲਕਿ ਦੁੱਖ ਦੀ ਘੜੀ ਹੈ ਅਤੇ ਪੀੜਤਾਂ ਦੀ ਇੱਕਜੁੱਟਤਾ ਵਿਖਾਉਂਦਿਆਂ ਸਹਾਇਤਾ ਕਰਨ ਦੀ ਜ਼ਰੂਰਤ ਹੈ। ਬੱਬੂ ਮਾਨ ਦਾ ਸ਼ੋਅ ਵਿਨੀਪੈੱਗ ਦੇ ਸੈਂਟੀਨਲ ਕੰਸਰਟ ਹਾਲ ਵਿਚ 12 ਸਤੰਬਰ ਨੂੰ ਹੋਣ ਜਾਂ ਰਿਹਾ ਹੈ।