ਆਈ ਐੱਫ ਐੱਫ ਆਈ ’ਚ ਹੋਵੇਗਾ ‘ਕੈਲੋਰੀ’ ਦਾ ਪ੍ਰੀਮੀਅਰ
ਅਨੁਪਮ ਖੇਰ ਦੀ ਫਿਲਮ ‘ਕੈਲੋਰੀ’ ਦਾ ਕੌਮਾਂਤਰੀ ਪ੍ਰੀਮੀਅਰ 23 ਨਵੰਬਰ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ ਐੱਫ ਐੱਫ ਆਈ) ਵਿੱਚ ਕੀਤਾ ਜਾਵੇਗਾ। ਇਹ ਫਿਲਮ ਗੋਆ ਵਿੱਚ 20 ਤੋਂ 28 ਨਵੰਬਰ ਤਕ ਚੱਲਣ ਵਾਲੇ ਸਮਾਗਮ ਦੌਰਾਨ ‘ਸਿਨੇਮਾ ਆਫ ਦਿ ਵਰਲਡ’ ਵਰਗ ਵਿੱਚ ਦਿਖਾਈ ਜਾਵੇਗੀ। ਇਸ ਦੀ ਲੇਖਿਕਾ ਅਤੇ ਨਿਰਦੇਸ਼ਕ ਇੰਡੋ-ਕੈਨੇਡੀਅਨ ਫਿਲਮਕਾਰ ਈਸ਼ਾ ਮਰਜਾਰਾ ਹੈ। ਇਸ ਫਿਲਮ ਨੂੰ 28 ਨਵੰਬਰ ਨੂੰ ਕੈਨੇਡਾ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਫਿਲਮ ‘ਕੈਲੋਰੀ’ ਕੈਨੇਡਾ ਵੱਸਦੇ ਸਿੱਖ ਪਰਿਵਾਰ ਦੀ ਕਹਾਣੀ ਹੈ। ਇਸ ਫਿਲਮ ਨੂੰ ਟੋਰਾਂਟੋ ਵਿੱਚ ਹੋਏ ਆਈ ਐੱਫ ਐੱਫ ਐੱਸ ਏ ਸਮਾਗਮ ਦੌਰਾਨ ਬਿਹਤਰੀਨ ਫੀਚਰ, ਬਿਹਤਰੀਨ ਨਿਰਦੇਸ਼ਕ ਅਤੇ ਬਿਹਤਰੀਨ ਅਦਾਕਾਰ ਦੇ ਸਨਮਾਨ ਮਿਲੇ ਹਨ। ਖੇਰ ਨੇ ਕਿਹਾ ਕਿ ਫਿਲਮ ਦੀ ਕਹਾਣੀ ਮਨੁੱਖ ਨਾਲ ਡੂੰਘਾਈ ਤੋਂ ਜੁੜੀ ਹੋਈ ਹੈ। ਇਸ ਦਾ ਦਾਇਰਾ ਸਰਹੱਦਾਂ ਤੋਂ ਪਾਰ ਹੈ। ਉਨ੍ਹਾਂ ਕਿਹਾ ਕਿ ‘ਕੈਲੋਰੀ’ ਪਰਿਵਾਰ, ਯਾਦ ਅਤੇ ਇਲਾਜ ਦੀ ਕਹਾਣੀ ਹੈ। ਇਸ ਦਾ ਵਿਸ਼ਾ ਹਰ ਦਰਸ਼ਕ ਨਾਲ ਜੁੜਿਆ ਹੋਇਆ ਹੈ। ਅਦਾਕਾਰ ਨੇ ਕਿਹਾ ਕਿ ਉਹ ਈਸ਼ਾ ਦੇ ਕਹਾਣੀ ਸੁਣਾਉਣ ਦੇ ਇਮਾਨਦਾਰ ਤਰੀਕੇ ਅਤੇ ਭਾਵਨਾਤਮਕ ਸੱਚਾਈ ਤੋਂ ਬਹੁਤ ਪ੍ਰਭਾਵਿਤ ਹੋਏ। ਫਿਲਮ ਦੀ ਨਿਰਦੇਸ਼ਕ ਮਰਜਾਰਾ ਨੇ ਕਿਹਾ ਕਿ ਫਿਲਮ ‘ਕੈਲੋਰੀ’ ਮਾਵਾਂ ਅਤੇ ਧੀਆਂ ਦੀ ਕਹਾਣੀ ਹੈ। ਇਹ ਕਹਾਣੀ ਉਨ੍ਹਾਂ ਸਬੰਧਾਂ ਦੀ ਗੱਲ ਕਰਦੀ ਹੈ, ਜੋ ਅਸੀਂ ਕੌਣ ਹਾਂ ਦੁਆਲੇ ਘੁੰਮਦੇ ਹਨ। ਉਸ ਨੇ ਕਿਹਾ ਕਿ ਇਸ ਫਿਲਮ ਦਾ ਆਧਾਰ ਨਿੱਜੀ ਦੁੱਖ ਹੈ। ਸਾਲ 1985 ਵਿੱਚ ਏਅਰ ਇੰਡੀਆ ਹਾਦਸੇ ਕਾਰਨ ਉਸ ਦੇ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਸੀ। ਉਹ ਇਸ ਕਹਾਣੀ ਨਾਲ ਇਹ ਦੇਖਣਾ ਚਾਹੁੰਦੀ ਸੀ ਕਿ ਸਮੇਂ ਦੇ ਬੀਤਣ ਨਾਲ ਅਸੀਂ ਆਪਣੇ ਮੁਲਕ ਤੋਂ ਦੂਰ ਰਹਿੰਦੇ ਹੋਏ ਵੀ ਦੁੱਖ ਤੋਂ ਕਿਵੇਂ ਉੱਭਰਦੇ ਹਾਂ ਅਤੇ ਤਾਕਤ ਹਾਸਲ ਕਰਦੇ ਹਾਂ। ਇਹ ਉਸ ਇਕੱਲੀ ਮਾਂ ਦੀ ਕਹਾਣੀ ਹੈ, ਜੋ ਆਪਣੀਆਂ ਦੋ ਧੀਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਭਾਰਤ ਭੇਜਦੀ ਹੈ। ਉਸ ਨੂੰ ਉਮੀਦ ਹੁੰਦੀ ਹੈ ਕਿ ਇਸ ਨਾਲ ਉਹ ਆਪਣੇ ਪੰਜਾਬੀ ਮੂਲ ਨਾਲ ਜੁੜ ਸਕਣਗੀਆਂ। ਫਿਲਮ ਦੇ ਨਿਰਮਾਤਾ, ਜੋ ਬਾਲਾਸ ਨੇ ਕਿਹਾ ਕਿ ‘ਕੈਲੋਰੀ’ ਰਿਸ਼ਤਿਆਂ ਵਿੱਚ ਲੁਕੇ ਹੋਏ ਭੇਤਾਂ ਦੀ ਸ਼ਕਤੀਸ਼ਾਲੀ ਕਹਾਣੀ ਹੈ। ਇਸ ਫਿਲਮ ਵਿੱਚ ਐਲੋਰਾ ਪਟਨਾਇਕ, ਡੌਲੀ ਆਹੂਲਵਾਲੀਆ, ਸ਼ਨਾਇਆ ਢਿੱਲੋਂ-ਬਿਰਮਹਨ ਅਤੇ ਐਸ਼ਲੇ ਗੈਂਗਰ ਵੀ ਦਿਖਾਈ ਦੇਣਗੇ।
