ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਬਨਿਟ ਮੰਤਰੀ ਨੇ 504 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਮੁੰਡੀਆਂ ਵੱਲੋਂ ਹੋਰ ਅਸਾਮੀਆਂ ਛੇਤੀ ਭਰਨ ਦਾ ਐਲਾਨ; ਸਿਖਲਾਈ ਮਗਰੋਂ ਫੀਲਡ ਵਿੱਚ ਤਾਇਨਾਤ ਕੀਤੇ ਜਾਣਗੇ ਪਟਵਾਰੀ
ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ।
Advertisement

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੈਕਟਰ-35 ਸਥਿਤ ਮਿਉਂਸਿਪਲ ਭਵਨ ਵਿੱਚ 18 ਮਹੀਨਿਆਂ ਦੀ ਲਾਜ਼ਮੀ ਸਿਖਲਾਈ ਪੂਰੀ ਕਰ ਚੁੱਕੇ 504 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਸ੍ਰੀ ਮੁੰਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਲ 2023 ’ਚ ਮਾਲ ਪਟਵਾਰੀਆਂ ਦੀ ਭਰਤੀ ਉਪਰੰਤ ਯੋਗ ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਜ਼ਿਲ੍ਹੇ ਅਲਾਟ ਕੀਤੇ ਸਨ। ਮਗਰੋਂ ਉਮੀਦਵਾਰਾਂ ਨੂੰ ਸਾਲ ਦੀ ਸਿਖਲਾਈ ਪਟਵਾਰ ਸਕੂਲ ਵਿੱਚ ਅਤੇ 6 ਮਹੀਨੇ ਦੀ ਫੀਲਡ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਲ ਦੀ ਸਿਖਲਾਈ ਲਈ ਉਮੀਦਵਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ 10 ਆਰਜ਼ੀ ਪਟਵਾਰ ਸਕੂਲ ਖੋਲ੍ਹੇ ਗਏ ਸੀ। ਇਨ੍ਹਾਂ ਪਟਵਾਰੀਆਂ ਨੂੰ ਸਿਖਲਾਈ ਦੌਰਾਨ ਹਿਸਾਬ ਮੁਸਾਹਤ, ਲੈਂਡ ਰਿਕਾਰਡ, ਪੈਮਾਇਸ਼, ਰਿਕਾਰਡ ਦੀ ਤਿਆਰੀ, ਇਲੈਕਸ਼ਨ, ਮੁਰੱਬਾਬੰਦੀ, ਖੇਤੀ ਅਤੇ ਕੰਪਿਊਟਰ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰਾਂ ਦੀ ਵਿਭਾਗੀ ਪ੍ਰੀਖਿਆ 26 ਮਈ ਤੋਂ 3 ਜੂਨ 2025 ਤੱਕ ਲਈ ਗਈ। ਇਸ ਪ੍ਰੀਖਿਆ ਵਿੱਚੋਂ ਕੁੱਲ 504 ਉਮੀਦਵਾਰਾਂ ਨੇ ਵਿਭਾਗੀ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦੇਣ ਉਪਰੰਤ ਫੀਲਡ ਵਿੱਚ ਤਾਇਨਾਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਨ੍ਹਾਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨੌਜਵਾਨ ਉਮੀਦਵਾਰਾਂ ਦੀ ਭਰਤੀ ਆਉਣ ਵਾਲੇ ਦਿਨਾਂ ਵਿੱਚ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਿਰਜਣਾ ਲਈ ਅਹਿਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦੇਣ ਲਈ ਪਟਵਾਰੀਆਂ ਦੀਆਂ ਹੋਰ ਅਸਾਮੀਆਂ ’ਤੇ ਵੀ ਛੇਤੀ ਭਰਤੀ ਕੀਤੀ ਜਾਵੇਗੀ।

Advertisement
Advertisement