ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab By polls ਜ਼ਿਮਨੀ ਚੋਣਾਂ: ਹਾਕਮ ਧਿਰ ਨੂੰ ਕਈ ਵਾਰ ਲੱਗੇ ਝਟਕੇ

Punjab By polls ਪੰਜਾਬ ਵਿੱਚ 1952 ਤੋਂ ਹੁਣ ਤੱਕ 62 ਵਾਰ ਹੋ ਚੁੱਕੀਆਂ ਨੇ ਜ਼ਿਮਨੀ ਚੋਣਾਂ
ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਿਸੰਘ ਰੰਧਾਵਾ ਡੇਰਾ ਬਾਬਾ ਨਾਨਕ ਦੇ ਬਾਜ਼ਾਰ ’ਚ ਪ੍ਰਚਾਰ ਦੌਰਾਨ ਦੁਕਾਨਦਾਰ ਨੂੰ ਮਿਲਦੇ ਹੋਏ। -ਫੋਟੋ: ਸੱਖੋਵਾਲੀਆ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 14 ਨਵੰਬਰ

Advertisement

ਪੰਜਾਬ ਵਿੱਚ ਹਕੂਮਤ ਨੂੰ ਜ਼ਿਮਨੀ ਚੋਣਾਂ ਦੀ ਪ੍ਰੀਖਿਆ ’ਚੋਂ ਲੰਘਣਾ ਪਿਆ ਹੈ ਪਰ ਜਦੋਂ ਵੀ ਵਿਧਾਨ ਸਭਾ ਸੀਟਾਂ ਕਿਸੇ ਕਾਰਨ ਖਾਲੀ ਹੋਈਆਂ ਤਾਂ ਵੋਟਰਾਂ ਲਈ ਵੀ ਪਰਖ ਦਾ ਸਮਾਂ ਆਇਆ। ਮੌਜੂਦਾ ਸਮੇਂ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਰਾਖਵਾਂ ਹਲਕੇ ਚੱਬੇਵਾਲ ਵਿੱਚ ਚੋਣ ਪ੍ਰਚਾਰ ਸਿਖ਼ਰਾਂ ’ਤੇ ਹੈ। ਇਨ੍ਹਾਂ ਚਾਰੋਂ ਵਿਧਾਨ ਸਭਾ ਸੀਟਾਂ ਤੋਂ ਜਿੱਤੇ ਪੁਰਾਣੇ ਨੁਮਾਇੰਦੇ ਹੁਣ ਸੰਸਦ ਮੈਂਬਰ ਬਣ ਚੁੱਕੇ ਹਨ। ਲੰਘੀਆਂ ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੂੰ ਆਪਣੇ ਵਿਧਾਇਕਾਂ ਜਾਂ ਵਜ਼ੀਰਾਂ ਨੂੰ ਹੀ ਚੋਣ ਜੰਗ ਵਿੱਚ ਉਤਾਰਨਾ ਪਿਆ। 1952 ਤੋਂ ਲੈ ਕੇ ਹੁਣ ਤੱਕ ਪੰਜਾਬ ’ਚ ਲੋਕਾਂ ਨੂੰ 62 ਵਾਰ ਜ਼ਿਮਨੀ ਚੋਣਾਂ ਵਿੱਚ ਨਵੇਂ ਸਿਰਿਓਂ ਆਪਣਾ ਨੁਮਾਇੰਦਾ ਚੁਣਨਾ ਪਿਆ ਹੈ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਸਾਂਝੇ ਪੰਜਾਬ ਸਮੇਂ 23 ਵਾਰ ਜ਼ਿਮਨੀ ਚੋਣ ਹੋਈ, ਜਦੋਂ ਕਿ 1967 ਤੋਂ ਬਾਅਦ ਹੁਣ ਤੱਕ 39 ਵਾਰ ਜ਼ਿਮਨੀ ਚੋਣਾਂ ਹੋਈਆਂ ਹਨ। ਪੁਰਾਣੇ ਸਮੇਂ ਵਿੱਚ ਵਿਧਾਨ ਸਭਾ ਦੀ ਸੀਟ ਮੌਜੂਦਾ ਨੁਮਾਇੰਦੇ ਦੀ ਮੌਤ ਹੋਣ ਜਾਂ ਫਿਰ ਅਦਾਲਤਾਂ ਵੱਲੋਂ ਚੁਣੇ ਨੁਮਾਇੰਦੇ ਨੂੰ ਅਯੋਗ ਐਲਾਨੇ ਜਾਣ ਦੀ ਸੂਰਤ ਵਿੱਚ ਖਾਲੀ ਹੁੰਦੀ ਸੀ। ਪਿਛਲੇ ਸਮੇਂ ਤੋਂ ਇਹ ਰੁਝਾਨ ਵੀ ਬਣਿਆ ਕਿ ਹਕੂਮਤਾਂ ਨੇ ਆਪਣੀ ਪ੍ਰਭਾਵ ਕਾਇਮ ਕਰਨ ਵਾਸਤੇ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਤੋਂ ਪਹਿਲਾਂ ਅਸਤੀਫ਼ੇ ਦਿਵਾਏ ਅਤੇ ਮਗਰੋਂ ਆਪਣੀ ਪਾਰਟੀ ਵੱਲੋਂ ਚੋਣ ਲੜਾ ਕੇ ਚੋਣ ਜਿੱਤੀ। ਸਾਲ 2013-14 ਵਿੱਚ ਮੋਗਾ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਜੈਨ ਅਤੇ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਅਸਤੀਫ਼ੇ ਦਿੱਤੇ ਸਨ। ਅਸਤੀਫ਼ੇ ਦੇਣ ਮਗਰੋਂ ਉਨ੍ਹਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਮੁੜ ਜ਼ਿਮਨੀ ਚੋਣ ਲੜੀ ਅਤੇ ਜਿੱਤ ਗਏ। ਜ਼ਿਮਨੀ ਚੋਣਾਂ ਦੇ ਨਤੀਜਿਆਂ ਬਾਰੇ ਇਹ ਧਾਰਨਾ ਹੈ ਕਿ ਆਮ ਤੌਰ ’ਤੇ ਸੱਤਾਧਾਰੀ ਧਿਰ ਹੀ ਜਿੱਤਦੀ ਹੈ ਪਰ ਕਈ ਵਾਰ ਇਹ ਧਾਰਨਾ ਟੁੱਟੀ ਵੀ ਹੈ। ਬਹੁਗਿਣਤੀ ਸੀਟਾਂ ਹਾਕਮ ਧਿਰ ਨੇ ਹੀ ਜਿੱਤੀਆਂ ਹਨ। ‘ਆਪ’ ਸਰਕਾਰ ਦੌਰਾਨ ਇਸ ਤੋਂ ਪਹਿਲਾਂ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਹੋਈ ਸੀ, ਜੋ ‘ਆਪ’ ਨੇ ਹੀ ਜਿੱਤੀ ਸੀ। ਇਸ ਤੋਂ ਪਹਿਲਾਂ ਕਾਂਗਰਸੀ ਹਕੂਮਤ (2017-22) ਦੌਰਾਨ ਪੰਜ ਸੀਟਾਂ ਸ਼ਾਹਕੋਟ, ਜਲਾਲਾਬਾਦ, ਦਾਖਾ, ਮੁਕੇਰੀਆਂ ਅਤੇ ਫਗਵਾੜਾ ਦੀਆਂ ਜ਼ਿਮਨੀ ਚੋਣਾਂ ਹੋਈਆਂ, ਜਿਨ੍ਹਾਂ ’ਚੋਂ ਚਾਰ ਕਾਂਗਰਸ ਨੇ ਜਿੱਤੀਆਂ ਜਦੋਂ ਕਿ ਦਾਖਾ ਸੀਟ ਵਿਰੋਧੀ ਧਿਰ ਦੇ ਮਨਪ੍ਰੀਤ ਸਿੰਘ ਇਆਲੀ ਨੇ ਜਿੱਤੀ। ਉਸ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਦੂਜੀ ਪਾਰੀ (2012-17) ਦੌਰਾਨ ਛੇ ਜ਼ਿਮਨੀ ਚੋਣਾਂ ਹਲਕਾ ਮੋਗਾ, ਤਲਵੰਡੀ ਸਾਬੋ, ਪਟਿਆਲਾ, ਧੂਰੀ, ਖਡੂਰ ਸਾਹਿਬ ਅਤੇ ਦਸੂਹਾ ’ਚ ਹੋਈ ਸੀ। ਇਨ੍ਹਾਂ ’ਚੋਂ ਪੰਜ ਹਾਕਮ ਧਿਰ ਨੇ ਜਿੱਤੀਆਂ, ਜਦੋਂ ਕਿ ਪਟਿਆਲਾ ਸੀਟ ਤੋਂ ਕਾਂਗਰਸ ਦੀ ਪ੍ਰਨੀਤ ਕੌਰ ਨੇ ਜਿੱਤ ਦਰਜ ਕੀਤੀ ਸੀ। ਗੱਠਜੋੜ ਦੀ ਪਹਿਲੀ ਪਾਰੀ (2007-12) ਦੌਰਾਨ ਚਾਰ ਸੀਟਾਂ ਅੰਮ੍ਰਿਤਸਰ ਦੱਖਣੀ, ਕਾਹਨੂੰਵਾਨ, ਬਨੂੜ ਅਤੇ ਜਲਾਲਾਬਾਦ ਸੀਟ ’ਤੇ ਜ਼ਿਮਨੀ ਚੋਣ ਹੋਈ ਸੀ ਅਤੇ ਇਹ ਚਾਰੋਂ ਸੀਟਾਂ ਸੱਤਾਧਾਰੀ ਧਿਰ ਜਿੱਤਣ ਵਿੱਚ ਕਾਮਯਾਬ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਾਰੀ (2002-07) ਦੌਰਾਨ ਤਿੰਨ ਸੀਟਾਂ ਕਪੂਰਥਲਾ, ਗੜ੍ਹਸ਼ੰਕਰ ਅਤੇ ਅਜਨਾਲਾ ’ਚ ਜ਼ਿਮਨੀ ਚੋਣਾਂ ਹੋਈਆਂ ਤੇ ਇਹ ਸਾਰੀਆਂ ਸੀਟਾਂ ਹਾਕਮ ਧਿਰ ਦੇ ਖਾਤੇ ਗਈਆਂ। 1997-2002 ਦੌਰਾਨ ਅਕਾਲੀ ਭਾਜਪਾ ਦੀ ਸਰਕਾਰ ਦੌਰਾਨ ਛੇ ਸੀਟਾਂ ’ਤੇ ਚੋਣਾਂ ਹੋਈਆਂ, ਜਿਨ੍ਹਾਂ ’ਚੋਂ ਚਾਰ ਸੀਟਾਂ ਹਾਕਮ ਧਿਰ ਨੇ ਜਦੋਂ ਕਿ ਦੋ ਸੀਟਾਂ ਕਾਂਗਰਸ ਨੇ ਜਿੱਤੀਆਂ। ਆਦਮਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੰਵਲਜੀਤ ਸਿੰਘ ਅਤੇ ਲੁਧਿਆਣਾ ਦੱਖਣੀ ਤੋਂ ਕਾਂਗਰਸ ਦੇ ਰਾਕੇਸ਼ ਪਾਂਡੇ ਨੇ ਚੋਣ ਜਿੱਤੀ ਸੀ। ਇਸ ਸਮੇਂ ਦੌਰਾਨ 1997 ਵਿੱਚ ਕਿਲ੍ਹਾ ਰਾਏਪੁਰ ਹਲਕੇ ਦੀ ਸੀਟ ਅਕਾਲੀ ਦਲ ਦੇ ਜਗਦੀਸ਼ ਸਿੰਘ ਗਰਚਾ ਨੇ ਜਿੱਤੀ ਸੀ ਅਤੇ ਇਸ ਸੀਟ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੇਤੂ ਰਹੇ ਸਨ। ਦੋ ਸੀਟਾਂ ਤੋ ਚੋਣ ਲੜਨ ਕਰਕੇ ਬਾਦਲ ਨੇ ਕਿਲ੍ਹਾ ਰਾਏਪੁਰ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਕਰ ਕੇ ਇੱਥੇ ਜ਼ਿਮਨੀ ਚੋਣ ਹੋਈ ਸੀ। ਬੇਅੰਤ ਸਿੰਘ ਦੀ ਹਕੂਮਤ ਸਮੇਂ ਤਿੰਨ ਸੀਟਾਂ ਨਕੋਦਰ, ਅਜਨਾਲਾ ਅਤੇ ਗਿੱਦੜਬਾਹਾ ਦੀ ਚੋਣ ਹੋਈ ਸੀ, ਜਿਨ੍ਹਾਂ ਚੋਂ ਕਾਂਗਰਸ ਨੇ ਸਿਰਫ਼ ਨਕੋਦਰ ਸੀਟ ਜਿੱਤੀ ਸੀ। ਪੰਜਾਬੀ ਸੂਬਾ ਬਣਨ ਮਗਰੋਂ 1967 ਤੋਂ 1982 ਤੱਕ ਸੱਤ ਜ਼ਿਮਨੀ ਚੋਣਾਂ ਹੋਈਆਂ ਜਿਨ੍ਹਾਂ ’ਚੋਂ ਪੰਜ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਅਤੇ ਦੋ ਸੀਟਾਂ ’ਤੇ ਕਾਂਗਰਸ ਜੇਤੂ ਰਹੀ ਸੀ।

ਜ਼ਿਮਨੀ ਚੋਣ ਜਿੱਤ ਕੇ ਪਹਿਲੀ ਵਾਰ ਿਵਧਾਇਕ ਬਣੇ ਸਨ ਸੁਖਬੀਰ

ਸੁਖਬੀਰ ਸਿੰਘ ਬਾਦਲ ਜਲਾਲਾਬਾਦ ਜ਼ਿਮਨੀ ਚੋਣ 80,662 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ। ਇਸੇ ਤਰ੍ਹਾਂ ਸਾਬਕਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਪੁੱਤਰ ਜਸਜੀਤ ਸਿੰਘ ਬੰਨੀ ਵੀ ਸਾਲ 2009 ਵਿੱਚ ਬਨੂੜ ਦੀ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣਿਆ ਸੀ। ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਕਾਹਨੂੰਵਾਨ ਦੀ ਸਾਲ 2009 ਵਿੱਚ ਜ਼ਿਮਨੀ ਚੋਣ ਦਿੱਤੇ ਸਨ। ਇਸੇ ਤਰ੍ਹਾਂ ਹਲਕਾ ਫ਼ਰੀਦਕੋਟ ਤੋਂ 1980 ਵਿੱਚ ਜ਼ਿਮਨੀ ਚੋਣ ’ਚ ਅਕਾਲੀ ਉਮੀਦਵਾਰ ਜਗਦੀਸ਼ ਕੌਰ ਨੇ ਚੋਣ ਜਿੱਤੀ ਸੀ। ਕਾਫ਼ੀ ਅਰਸੇ ਮਗਰੋਂ ਇਸੇ ਸੀਟ ਤੋਂ ਜਗਦੀਸ਼ ਕੌਰ ਦੇ ਪੁੱਤਰ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਨੇ ਆਮ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ।

Advertisement
Tags :
Punjab By polls
Show comments