ਜ਼ਿਮਨੀ ਚੋਣ: ਸਿਆਸੀ ਰੌਲੇ ’ਚ ਲੋਕਾਂ ਦੇ ਮਸਲੇ ਗੁਆਚੇ
ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਸਿਆਸੀ ਰੌਲੇ ਵਿੱਚ ਇਲਾਕੇ ਦੇ ਆਮ ਲੋਕਾਂ ਦੇ ਭਖਦੇ ਮਸਲੇ ਪੂਰੀ ਤਰ੍ਹਾਂ ਹਾਸ਼ੀਏ ’ਤੇ ਚਲੇ ਗਏ ਹਨ। ਇੱਕ ਪਾਸੇ 15 ਦੇ ਕਰੀਬ ਉਮੀਦਵਾਰ ਆਪਣੇ ਪ੍ਰਚਾਰ ਵਿੱਚ ਇੱਕ-ਦੂਜੇ ’ਤੇ ਸਿਆਸੀ ਤੀਰ ਚਲਾਉਣ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਜਨਤਾ ਦਹਾਕਿਆਂ ਤੋਂ ਬੁਨਿਆਦੀ ਸਹੂਲਤਾਂ ਲਈ ਤਰਸ ਰਹੀ ਹੈ, ਪਰ ਉਨ੍ਹਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ। ਤਰਨ ਤਾਰਨ ਦੀ ਮੁਰਾਦਪੁਰ ਰੋਡ ’ਤੇ ਦਹਾਕਿਆਂ ਤੋਂ ਸੈਂਕੜੇ ਮਜ਼ਦੂਰ ਦਿਹਾੜੀ ਦੀ ਭਾਲ ਵਿੱਚ ਇਕੱਠੇ ਹੁੰਦੇ ਹਨ। ਮਜ਼ਦੂਰ ਸਾਹਿਬ ਸਿੰਘ (ਪਿੰਡ ਕੱਦਗਿੱਲ), ਸਰਵਣ ਸਿੰਘ (ਪਿੰਡ ਜੀਓਬਾਲਾ), ਕੁਲਦੀਪ ਸਿੰਘ (ਸਰਹਾਲੀ ਖੁਰਦ) ਅਤੇ ਮੰਗਾ ਤੇ ਲੱਡੂ (ਤਰਨ ਤਾਰਨ) ਨੇ ਦੱਸਿਆ ਕਿ ਉਹ ਸਵੇਰ ਤੋਂ ਸ਼ਾਮ ਤੱਕ ਸੜਕ ਕਿਨਾਰੇ ਧੁੱਪ-ਮੀਂਹ ਵਿੱਚ ਖੜ੍ਹੇ ਹੋ ਕੇ ਮਜ਼ਦੂਰੀ ਦੀ ਉਡੀਕ ਕਰਦੇ ਹਨ। ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਕਈ ਵਾਰ ਮੰਗ ਕਰਨ ਦੇ ਬਾਵਜੂਦ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਨੇ ਉਨ੍ਹਾਂ ਦੇ ਬੈਠਣ ਲਈ ਸ਼ੈੱਡ ਤੱਕ ਨਹੀਂ ਬਣਵਾਇਆ।
ਉਮੀਦਵਾਰ ਭਾਵੇਂ ਸਟੇਜਾਂ ਤੋਂ ਗ਼ਰੀਬ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਹਨ, ਪਰ ਉਨ੍ਹਾਂ ਨੇ ਇਲਾਕੇ ’ਚੋਂ ਲੰਘਦੀਆਂ ਬਦਬੂਦਾਰ ਡਰੇਨਾਂ ਦੇ ਕਿਨਾਰੇ ਵੱਸੇ ਹਜ਼ਾਰਾਂ ਪਰਿਵਾਰਾਂ ਦਾ ਦੁੱਖ ਜਾਣਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਤਰਨ ਤਾਰਨ ਦੇ ਮੁਹੱਲਾ ਟਾਂਕ-ਕਸ਼ੱਤਰੀ ਦੀ ਵਾਲਮੀਕਿ ਕਲੋਨੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਡਰੇਨ ਦੀ ਬਦਬੂ ਕਾਰਨ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਦੇ ਘਰ ਆਉਣਾ ਛੱਡ ਦਿੱਤਾ ਹੈ। ਕਸਬਾ ਝਬਾਲ ਦੀ ਡਰੇਨ ਦੀ ਹਾਲਤ ਹੋਰ ਵੀ ਤਰਸਯੋਗ ਹੈ, ਜਿੱਥੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਨਰਕ ਬਣਿਆ ਹੋਇਆ ਹੈ। ਇਸੇ ਤਰ੍ਹਾਂ ਝਬਾਲ ਖੇਤਰ ਦੇ ਅੱਡਾ ਝਬਾਲ, ਝਬਾਲ ਪੁਖਤਾ, ਝਬਾਲ ਖ਼ਾਮ, ਝਬਾਲ ਉੱਚਾ ਕਿਲ੍ਹਾ ਆਦਿ ਦੀ 20,000 ਦੀ ਆਬਾਦੀ ਪਿਛਲੇ 8 ਸਾਲਾਂ ਤੋਂ ਪੀਣ ਵਾਲੇ ਸਾਫ਼ ਪਾਣੀ ਲਈ ਤਰਸ ਰਹੀ ਹੈ ਪਰ ਉਨ੍ਹਾਂ ਦਾ ਦਰਦ ਸੁਣਨ ਵਾਲਾ ਕੋਈ ਨਹੀਂ ਹੈ। ਇਨ੍ਹਾਂ ਤੋਂ ਇਲਾਵਾ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਪਿੰਡਾਂ, ਕਸਬਿਆਂ ਆਦਿ ਦੇ ਅੱਡਿਆਂ ’ਤੇ ਬੱਸਾਂ ਉਡੀਕਣ ਲਈ ਸ਼ੈੱਡ ਬਣਾਉਣ ਨੂੰ ਤਾਂ ਉਮੀਦਵਾਰ ਆਪਣੇ ਚੇਤਿਆਂ ’ਚੋਂ ਪੂਰੀ ਤਰ੍ਹਾਂ ਨਾਲ ਹੀ ਵਿਸਾਰੀ ਬੈਠੇ ਹਨ। ਸ਼ਾਇਦ ਉਨ੍ਹਾਂ ਦੇ ਪਰਿਵਾਰਾਂ ਕੋਲ ਆਪਣੇ ਵਾਹਨ ਹੋਣ ਕਰ ਕੇ ਉਨ੍ਹਾਂ ਨੂੰ ਬੱਸ ਦੀ ਉਡੀਕ ਕਰਨ ਦੀ ਲੋੜ ਹੀ ਨਹੀਂ ਪੈਂਦੀ| ਟਰੈਫਿਕ, ਸੜਕਾਂ-ਬਾਜ਼ਾਰਾਂ ਦੇ ਕਿਨਾਰਿਆਂ ’ਤੇ ਕੀਤੇ ਨਾਜਾਇਜ਼ ਕਬਜ਼ੇ ਉਮੀਦਵਾਰਾਂ ਲਈ ਮੁੱਦੇ ਹੀ ਨਹੀਂ ਹਨ| ਇਸ ’ਤੇ ਸਮਾਜ ਸੇਵੀ ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਹੁਣ ਆਮ ਲੋਕਾਂ ਨੂੰ ਆਪਣੇ ਹੱਕਾਂ ਅਤੇ ਇਨ੍ਹਾਂ ਮੁੱਦਿਆਂ ਨੂੰ ਉਭਾਰਨ ਲਈ ਖ਼ੁਦ ਅੱਗੇ ਆਉਣਾ ਪਵੇਗਾ, ਕਿਉਂਕਿ ਸਿਆਸੀ ਆਗੂਆਂ ਤੋਂ ਕੋਈ ਉਮੀਦ ਨਹੀਂ ਹੈ।
