ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਮਨੀ ਚੋਣ ਨੇ ਸੁਫਨੇ ਲੈ ਰਹੀ ਭਾਜਪਾ ਨੂੰ ਦਿੱਤਾ ਹਲੂਣਾ

ਸਿਆਸੀ ਸੁਫ਼ਨੇ ਲੈ ਰਹੀ ਭਾਜਪਾ ਨੂੰ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਨੇ ਵੱਡਾ ਹਲੂਣਾ ਦਿੱਤਾ ਹੈ। ਜ਼ਿਮਨੀ ਚੋਣ ਦਾ ਨਤੀਜਾ ਸਪਸ਼ਟ ਸੁਨੇਹਾ ਹੈ ਕਿ ਭਾਜਪਾ ਦੇ ਪੰਜਾਬ ਖ਼ਿਲਾਫ਼ ਨਜ਼ਰੀਏ ਨੂੰ ਸੂਬੇ ਦੇ ਲੋਕ ਛੇਤੀ ਕਿਤੇ ਭੁੱਲਣ ਵਾਲੇ ਨਹੀਂ...
Advertisement

ਸਿਆਸੀ ਸੁਫ਼ਨੇ ਲੈ ਰਹੀ ਭਾਜਪਾ ਨੂੰ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਨੇ ਵੱਡਾ ਹਲੂਣਾ ਦਿੱਤਾ ਹੈ। ਜ਼ਿਮਨੀ ਚੋਣ ਦਾ ਨਤੀਜਾ ਸਪਸ਼ਟ ਸੁਨੇਹਾ ਹੈ ਕਿ ਭਾਜਪਾ ਦੇ ਪੰਜਾਬ ਖ਼ਿਲਾਫ਼ ਨਜ਼ਰੀਏ ਨੂੰ ਸੂਬੇ ਦੇ ਲੋਕ ਛੇਤੀ ਕਿਤੇ ਭੁੱਲਣ ਵਾਲੇ ਨਹੀਂ ਹਨ। ਚੋਣ ਪ੍ਰਚਾਰ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਕੁੱਦੀ ਸੀ। ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਭਾਜਪਾ ਨੇ ਚੋਣ ਪ੍ਰਚਾਰ ’ਚ ਉਭਾਰਿਆ। ਇਸ ਦੇ ਬਾਵਜੂਦ ਤਰਨ ਤਾਰਨ ’ਚ ਭਾਜਪਾ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾਅ ਸਕਿਆ। ਇਸ ਚੋਣ ’ਚ ਭਾਜਪਾ ਨੂੰ ਸਿਰਫ਼ 5.30 ਫ਼ੀਸਦੀ ਵੋਟ ਮਿਲੀ ਹੈ। ਪਿਛਲੀ ਲੁਧਿਆਣਾ ਪੱਛਮੀ ਦੀ ਚੋਣ ’ਚ ਭਾਜਪਾ ਨੂੰ ‘ਆਪ’ ਸਰਕਾਰ ਦੌਰਾਨ ਹੋਈਆਂ ਜ਼ਿਮਨੀ ਚੋਣਾਂ ’ਚੋਂ ਸਭ ਤੋਂ ਵੱਧ 22.54 ਫ਼ੀਸਦੀ ਵੋਟਾਂ ਪਈਆਂ ਸਨ।

ਚੋਣ ਪ੍ਰਚਾਰ ਦੌਰਾਨ ਪੰਜਾਬ ’ਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਫ਼ੈਸਲਾ ਆਇਆ ਜਿਸ ਨੇ ਅਸਿੱਧੇ ਤਰੀਕੇ ਨਾਲ ਚੋਣ ’ਤੇ ਵੀ ਪ੍ਰਭਾਵ ਛੱਡਿਆ ਹੋਵੇਗਾ। ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਲੜੇ ਸੰਘਰਸ਼ ਦੌਰਾਨ ਭਾਜਪਾ ਵਿਰੁੱਧ ਰੋਹ ਪੰਜਾਬੀਆਂ ਦੇ ਮਨਾਂ ਦਾ ਹਿੱਸਾ ਬਣ ਗਿਆ ਸੀ। ਉੱਪਰੋਂ ਪੰਜਾਬ ’ਵਰਸਿਟੀ ਦੇ ਫ਼ੈਸਲੇ ਨੇ ਮੁੜ ਜ਼ਖ਼ਮ ਹਰੇ ਕਰ ਦਿੱਤੇ। ਬੇਸ਼ੱਕ ਤਰਨ ਤਾਰਨ ਨੂੰ ਪੰਥਕ ਸੀਟ ਸਮਝਿਆ ਜਾਂਦਾ ਹੈ ਪਰ ਇੱਥੇ ਹਿੰਦੂ ਭਾਈਚਾਰੇ ਦਾ ਵੋਟ ਬੈਂਕ ਵੀ ਕਾਫ਼ੀ ਹੈ। ਵੱਡੀ ਗੱਲ ਇਹ ਕਿ ਭਾਜਪਾ ਇਸ ਸੀਟ ’ਤੇ ਪੰਜਵੇਂ ਸਥਾਨ ’ਤੇ ਰਹੀ ਹੈ। ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਮਿਲੀਆਂ ਹਨ।

Advertisement

ਪੰਜਾਬ ’ਚ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਨੌਵੀਂ ਚੋਣ ਸੀ। ਇਨ੍ਹਾਂ ’ਚੋਂ ਜਲੰਧਰ ਪੱਛਮੀ ਦੀ ਚੋਣ ’ਚ ਭਾਜਪਾ ਦੂਜੇ ਸਥਾਨ ’ਤੇ ਰਹੀ ਸੀ। ਜ਼ਿਮਨੀ ਚੋਣ ਵਾਲੀਆਂ ਪੰਜ ਸੀਟਾਂ ’ਤੇ ਭਾਜਪਾ ਤੀਜੇ ਨੰਬਰ ’ਤੇ ਰਹੀ ਸੀ ਅਤੇ ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ’ਚ ਭਾਜਪਾ ਚੌਥੇ ਨੰਬਰ ’ਤੇ ਸੀ। ਭਾਜਪਾ ਨੂੰ ਇਸ ਚੋਣ ਦੇ ਨਤੀਜੇ ਨੇ ਦੱਸ ਦਿੱਤਾ ਹੈ ਕਿ ਪੰਜਾਬ ਦੇ ਰਾਹ ਇੰਨੇ ਸੌਖੇ ਨਹੀਂ ਹਨ। ਇਸ ਸੀਟ ਦਾ ਨਤੀਜਾ ਭਾਜਪਾ ਨੂੰ ਅਗਲੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਭਾਈਵਾਲ ਬਣਨ ਲਈ ਪ੍ਰੇਰੇਗਾ।

ਤਰਨ ਤਾਰਨ ’ਚ ਭਾਜਪਾ ਨਾਲੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਨਿਕਲ ਗਿਆ ਹੈ ਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਵੀ ਅੱਗੇ ਰਹੇ ਹਨ। ਭਾਜਪਾ ਨੇ ਇਸ ਸੀਟ ਨੂੰ ਗੰਭੀਰਤਾ ਨਾਲ ਲੜਿਆ ਅਤੇ ਸੀਨੀਅਰ ਲੀਡਰਸ਼ਿਪ ਚੋਣ ਪ੍ਰਚਾਰ ’ਚ ਜੁਟੀ ਰਹੀ। ਅਸ਼ਵਨੀ ਸ਼ਰਮਾ ਦੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬਣਨ ਮਗਰੋਂ ਇਹ ਪਹਿਲੀ ਚੋਣ ਸੀ। ਭਾਜਪਾ ਆਗੂ ਆਖਦੇ ਹਨ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਤਰਨ ਤਾਰਨ ਹਲਕੇ ’ਚੋਂ ਸਿਰਫ਼ 1176 ਵੋਟਾਂ ਮਿਲੀਆਂ ਸਨ, ਜਦੋਂਕਿ ਹੁਣ ਵਧੀਆਂ ਹਨ।

ਹੜ੍ਹਾਂ ਦੀ ਮਾਰ ਸਿੱਧੇ ਤੌਰ ’ਤੇ ਤਰਨ ਤਾਰਨ ਹਲਕੇ ’ਤੇ ਤਾਂ ਨਹੀਂ ਪਈ ਸੀ ਪਰ ਹੜ੍ਹਾਂ ਦੌਰਾਨ ਸਿਆਸੀ ਧਿਰਾਂ ਦੀ ਰਹੀ ਭੂਮਿਕਾ ਦਾ ਸੁਨੇਹਾ ਇਸ ਹਲਕੇ ਤੱਕ ਜ਼ਰੂਰ ਪੁੱਜਿਆ ਹੈ। ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਹੜ੍ਹਾਂ ਦੇ ਭੰਨੇ ਲੋਕਾਂ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਾ ਕਰਨਾ ਵੀ ਪਿੰਡਾਂ ’ਚ ਭਾਜਪਾ ਖ਼ਿਲਾਫ਼ ਨਾਰਾਜ਼ਗੀ ਦਾ ਕਾਰਨ ਰਿਹਾ ਹੈ। ਪੰਥਕ ਇਲਾਕਾ ਹੋਣ ਕਰ ਕੇ ਭਾਜਪਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਹੁੰਗਾਰਾ ਨਾ ਭਰਨਾ ਵੀ ਲੋਕਾਂ ਨੂੰ ਰੜਕਦਾ ਰਿਹਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਚੋਣਾਂ ਮੌਕੇ ਪੰਜਾਬ ਦਾ ਹਿੰਦੂ ਉਵੇਂ ਨਹੀਂ ਸੋਚਦਾ ਜਿਵੇਂ ਦੇਸ਼ ਦੀ ਹਿੰਦੂ ਪੱਟੀ ਸੋਚਦੀ ਹੈ।

 

ਅਕਾਲੀ ਦਲ ਨਾਲ ਗੱਠਜੋੜ ਦੇ ਆਸਾਰ ਬਣੇ

ਭਾਜਪਾ ਲਈ ਇਹ ਨਤੀਜਾ ਸਿਆਸੀ ਤੌਰ ’ਤੇ ਨਮੋਸ਼ੀ ਵਾਲਾ ਹੈ ਅਤੇ ਹੁਣ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਅਗਲੀਆਂ ਚੋਣਾਂ ਮੌਕੇ ਸਮਝੌਤਾ ਕਰਨ ਸਮੇਂ ਆਪਣੀ ਪੁਗਾ ਨਹੀਂ ਸਕੇਗੀ। ਪਿਛਲੇ ਸਮਿਆਂ ਦੌਰਾਨ ਭਾਜਪਾ ਨੇ ਇਕੱਲੇ ਤੌਰ ’ਤੇ ਚੋਣਾਂ ਲੜਨ ਦੇ ਐਲਾਨ ਕੀਤੇ। ਭਾਜਪਾ ਅੰਦਰੋ-ਅੰਦਰੀਂ ਸਮਝੌਤਾ ਹੋਣ ਦੀ ਸੂਰਤ ’ਚ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਹਿੱਸੇ ਦੀਆਂ ਸੀਟਾਂ ਦਾ ਕਲੇਮ ਵੀ ਕਰਨ ਲੱਗੀ ਸੀ ਪਰ ਹੁਣ ਮਾਹੌਲ ਇਸ ਨਤੀਜੇ ਨੇ ਬਦਲ ਦਿੱਤਾ ਹੈ।

 

ਜ਼ਿਮਨੀ ਚੋਣਾਂ ’ਚ ਵੋਟ ਸ਼ੇਅਰ

ਤਰਨ ਤਾਰਨ                 5.30 ਫ਼ੀਸਦੀ

ਲੁਧਿਆਣਾ ਪੱਛਮੀ          22.54 ਫ਼ੀਸਦੀ

ਜਲੰਧਰ ਪੱਛਮੀ             19.08 ਫ਼ੀਸਦੀ

ਡੇਰਾ ਬਾਬਾ ਨਾਨਕ         5.28 ਫ਼ੀਸਦੀ

ਚੱਬੇਵਾਲ                       10.28 ਫ਼ੀਸਦੀ

ਬਰਨਾਲਾ                       18.06 ਫ਼ੀਸਦੀ

ਗਿੱਦੜਬਾਹਾ                   2.18 ਫ਼ੀਸਦੀ

ਸੰਗਰੂਰ ਲੋਕ ਸਭਾ            9.32 ਫ਼ੀਸਦੀ

ਜਲੰਧਰ ਲੋਕ ਸਭਾ             15.18 ਫ਼ੀਸਦੀ

Advertisement
Show comments