ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News ਜ਼ਿਮਨੀ ਚੋਣਾਂ: ਪੰਜਾਬ ਵਿੱਚ ਚਾਰ ਸੀਟਾਂ ’ਤੇ ਪ੍ਰਚਾਰ ਖ਼ਤਮ, ਵੋਟਾਂ ਭਲਕੇ

Punjab News ਉਮੀਦਵਾਰਾਂ ਨੇ ਰੋਡ ਸ਼ੋਅ ਕੱਢ ਕੇ ਤਾਕਤ ਦਾ ਕੀਤਾ ਪ੍ਰਦਰਸ਼ਨ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 18 ਨਵੰਬਰ

Advertisement

Punjab News: ਪੰਜਾਬ ’ਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀਆਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ ਛੇ ਵਜੇ ਖ਼ਤਮ ਹੋ ਗਿਆ। ਜ਼ਿਮਨੀ ਚੋਣਾਂ ਲਈ ਵੋਟਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 20 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਕੁੱਲ 45 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।

ਕਰੀਬ 19 ਦਿਨ ਤੱਕ ਚੱਲੇ ਚੋਣ ਪ੍ਰਚਾਰ ਦੀ ਸਮਾਪਤੀ ਅੱਜ ਉਮੀਦਵਾਰਾਂ ਨੇ ਰੋਡ ਸ਼ੋਅ ਨਾਲ ਕੀਤੀ। ਚੋਣ ਕਮਿਸ਼ਨ ਨੇ ਚੋਣਾਂ ਲਈ ਹਫ਼ਤੇ ਦਾ ਸਮਾਂ ਵਧਾ ਦਿੱਤਾ ਸੀ, ਜਿਸ ਕਰਕੇ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਵਾਸਤੇ ਢੁੱਕਵਾਂ ਸਮਾਂ ਮਿਲ ਗਿਆ ਸੀ। ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਰਾਖਵੇਂ ਹਲਕੇ ਚੱਬੇਵਾਲ ਦੇ ਵਿਧਾਇਕਾਂ ਨੇ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਵਿਧਾਇਕੀ ਤੋਂ ਅਸਤੀਫ਼ੇ ਦੇ ਦਿੱਤੇ ਸਨ ਜਿਸ ਕਰਕੇ ਇਨ੍ਹਾਂ ਹਲਕਿਆਂ ਵਿਚ ਜ਼ਿਮਨੀ ਚੋਣ ਹੋ ਰਹੀ ਹੈ। ਜ਼ਿਮਨੀ ਚੋਣਾਂ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਆਪਣੇ ਪ੍ਰਭਾਵ ਛੱਡਣਗੇ। ਇਨ੍ਹਾਂ ਚਾਰ ਹਲਕਿਆਂ ’ਚੋਂ ਤਿੰਨ ’ਚ ਪਹਿਲਾਂ ਕਾਂਗਰਸ ਕਾਬਜ਼ ਸੀ ਜਦੋਂ ਕਿ ਬਰਨਾਲਾ ਸੀਟ ‘ਆਪ’ ਕੋਲ ਸੀ।

ਗਿੱਦੜਬਾਹਾ ਸ਼ਹਿਰ ’ਚ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਰੋਡ ਸ਼ੋਅ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ ਅਤੇ ਬਰਿੰਦਰ ਗੋਇਲ ਵੀ ਹਾਜ਼ਰ ਸਨ। ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਵੀ ਰੋਡ ਸ਼ੋਅ ਕੀਤਾ ਜਦੋਂ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਨੇ ਗਿੱਦੜਬਾਹਾ ਸ਼ਹਿਰ ਵਿਚ ਘਰੋਂ ਘਰੀਂ ਜਾ ਕੇ ਵੋਟਾਂ ਮੰਗੀਆਂ। ਹਲਕਾ ਗਿੱਦੜਬਾਹਾ ਵਿਚ ਸਭ ਤੋਂ ਵੱਡੀ ਪੋਸਟਰ ਜੰਗ ਚੱਲੀ। ਪਿੰਡਾਂ ਅਤੇ ਗਿੱਦੜਬਾਹਾ ਦੀ ਕੋਈ ਕੰਧ ਨਹੀਂ ਬਚੀ ਜਿੱਥੇ ਪ੍ਰਮੁੱਖ ਉਮੀਦਵਾਰਾਂ ਵੱਲੋਂ ਪੋਸਟਰ ਨਾ ਚਿਪਕਾਏ ਗਏ ਹੋਣ।

ਹਲਕਾ ਬਰਨਾਲਾ ਵਿਚ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਈ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਹਿਰ ਵਿਚ ਘਰੋਂ ਘਰੀਂ ਜਾ ਕੇ ਵੋਟਾਂ ਮੰਗੀਆਂ। ‘ਆਪ’ ਵੱਲੋਂ ਪਹਿਲਾਂ ਰੋਡ ਸ਼ੋਅ ਪਲਾਨ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਪ੍ਰੋਗਰਾਮ ਵਿਚ ਤਬਦੀਲੀ ਕਰ ਦਿੱਤੀ ਗਈ। ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਉਰਫ਼ ਕਾਲਾ ਢਿੱਲੋਂ ਨੇ ਵੀ ਰੋਡ ਸ਼ੋਅ ਕੀਤਾ। ਕਾਲਾ ਢਿੱਲੋਂ ਦੇ ਰੋਡ ਸ਼ੋਅ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ।

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਵੱਲੋਂ ਕੀਤੇ ਰੋਡ ਸ਼ੋਅ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਆਪ ਮੁਹਾਰੇ ਪੁੱਜੇ ਲੋਕਾਂ ਨੇ ਬਾਠ ਦੇ ਰੋਡ ਸ਼ੋਅ ਦੀ ਲੰਬਾਈ ਕਈ ਕਿਲੋਮੀਟਰ ਤੱਕ ਵਧਾ ਦਿੱਤੀ ਸੀ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਖ਼ਰੀ ਦਿਨ ਜ਼ਿਲ੍ਹਾ ਬਰਨਾਲਾ ਦੀ 18ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਅੱਜ ਕੇਕ ਕੱਟਿਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੇ ਸ਼ਹਿਰ ਵਿਚ ਰੈਲੀ ਕਰਕੇ ਪੂਰੀ ਵਾਹ ਲਾਈ।

ਹਲਕਾ ਡੇਰਾ ਬਾਬਾ ਨਾਨਕ ਵਿਚ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਰੋਡ ਸ਼ੋਅ ਕੀਤਾ ਜਿਸ ਦੀ ਅਗਵਾਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਦਿ ਨੇ ਕੀਤੀ। ਉਧਰ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਨੇ ਹਲਕੇ ਵਿਚ ਰੋਡ ਸ਼ੋਅ ਕਰਕੇ ਆਪਣੀ ਤਾਕਤ ਦਾ ਵਿਖਾਵਾ ਕੀਤਾ। ਹਲਕਾ ਚੱਬੇਵਾਲ ਵਿਚ ਵੀ ਸਾਰੇ ਉਮੀਦਵਾਰਾਂ ਨੇ ਵੋਟਰਾਂ ਤੱਕ ਪਹੁੰਚ ਬਣਾਈ।

ਕਾਂਗਰਸ ਪਾਰਟੀ ਦੀ ਇਨ੍ਹਾਂ ਚੋਣਾਂ ਵਿਚ ਕਾਰਗੁਜ਼ਾਰੀ ਕਾਫ਼ੀ ਕੁੱਝ ਤੈਅ ਕਰੇਗੀ। ਗਿੱਦੜਬਾਹਾ ਸੀਟ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਸੀਟ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਹਰਮਨ ਪਿਆਰਤਾ ਨੂੰ ਨਿਰਧਾਰਿਤ ਕਰੇਗੀ। ਇਨ੍ਹਾਂ ਸੀਟਾਂ ’ਤੇ ਹੋਣ ਵਾਲੀ ਹਾਰ-ਜਿੱਤ ਦਾ ਪ੍ਰਭਾਵ ਸਿੱਧੇ ਤੌਰ ’ਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਉਪਰ ਪਵੇਗਾ। ਇਨ੍ਹਾਂ ਚੋਣਾਂ ਰਾਹੀਂ ਆਮ ਆਦਮੀ ਪਾਰਟੀ ਦਾ ਸਿਆਸੀ ਕੱਦ ਵੀ ਮਾਪਿਆ ਜਾਵੇਗਾ। ਭਾਜਪਾ ਦੀ ਕਹਾਣੀ ਇਨ੍ਹਾਂ ਚੋਣਾਂ ਵਿਚ ਮਿਲਣ ਵਾਲੀ ਵੋਟ ਫ਼ੀਸਦੀ ਹੀ ਲਿਖੇਗੀ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਤੋਂ ਬਾਹਰ ਹੈ।

ਚਾਰ ਹਲਕਿਆਂ ’ਚੋਂ 26 ਕਰੋੜ ਰੁਪਏ ਜ਼ਬਤ

ਚੋਣ ਕਮਿਸ਼ਨ ਨੇ ਪ੍ਰਚਾਰ ਦੌਰਾਨ ਚਾਰੋਂ ਹਲਕਿਆਂ ’ਚੋਂ ਕਰੀਬ 26 ਕਰੋੜ ਰੁਪਏ ਜ਼ਬਤ ਕੀਤੇ ਹਨ। ਸਭ ਤੋਂ ਵੱਧ ਡੇਰਾ ਬਾਬਾ ਨਾਨਕ ’ਚੋਂ 25.40 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ ਜਦੋਂ ਕਿ ਗਿੱਦੜਬਾਹਾ ਹਲਕੇ ’ਚੋਂ 4.70 ਲੱਖ, ਬਰਨਾਲਾ ’ਚੋਂ 55.40 ਲੱਖ ਅਤੇ ਚੱਬੇਵਾਲ ’ਚੋਂ 60 ਹਜ਼ਾਰ ਰੁਪਏ ਜ਼ਬਤ ਹੋਏ ਹਨ। ਚੋਣ ਕਮਿਸ਼ਨ ਕੋਲ ਇਨ੍ਹਾਂ ਹਲਕਿਆਂ ’ਚੋਂ ਚੋਣ ਜ਼ਾਬਤੇ ਦੀਆਂ ਕੁੱਲ 85 ਸ਼ਿਕਾਇਤਾਂ ਪੁੱਜੀਆਂ ਸਨ ਜਿਨ੍ਹਾਂ ’ਚ ਚੱਬੇਵਾਲ ਤੋਂ 35, ਗਿੱਦੜਬਾਹਾ ’ਚੋਂ 24, ਡੇਰਾ ਬਾਬਾ ਨਾਨਕ ’ਚੋਂ 19 ਅਤੇ ਬਰਨਾਲਾ ਹਲਕੇ ’ਚੋਂ ਸੱਤ ਸ਼ਿਕਾਇਤਾਂ ਸ਼ਾਮਲ ਹਨ।

ਜ਼ਿਮਨੀ ਚੋਣਾਂ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ 4 ਸੀਟਾਂ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣਾਂ ਵਿਚ ਪੰਜਾਬ ਪੁਲੀਸ ਦੇ 6481 ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਦੀਆਂ 17 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 3868 ਪੋਲਿੰਗ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕੀਤੀ ਜਾਵੇਗੀ ਅਤੇ ਪੋਲਿੰਗ ਸਟੇਸ਼ਨਾਂ ਦੀ 100 ਫ਼ੀਸਦ ਲਾਈਵ ਵੈੱਬਕਾਸਟਿੰਗ ਯਕੀਨੀ ਬਣਾਈ ਜਾਵੇਗੀ।

ਵੋਟਾਂ ਦੀ ਗਿਣਤੀ 23 ਨੂੰ

ਚਾਰੋਂ ਵਿਧਾਨ ਸਭਾ ਹਲਕਿਆਂ ’ਚ ਪੈਣ ਵਾਲੀਆਂ ਵੋਟਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਚੱਬੇਵਾਲ (ਐਸਸੀ) ਦੀਆਂ ਵੋਟਾਂ ਦੀ ਗਿਣਤੀ ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ ਕੀਤੀ ਜਾਵੇਗੀ। ਡੇਰਾ ਬਾਬਾ ਨਾਨਕ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ, ਇੰਜਨੀਅਰਿੰਗ ਵਿੰਗ, ਗੁਰਦਾਸਪੁਰ ਵਿਖੇ 18 ਰਾਊਂਡਾਂ ਵਿੱਚ ਹੋਵੇਗੀ। ਗਿੱਦੜਬਾਹਾ ਦੀਆਂ ਵੋਟਾਂ ਦੀ ਗਿਣਤੀ ਗਿੱਦੜਬਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ ਵਿਖੇ 13 ਰਾਊਂਡਾਂ ਵਿੱਚ ਕੀਤੀ ਜਾਵੇਗੀ। ਬਰਨਾਲਾ ਦੀਆਂ ਵੋਟਾਂ ਦੀ ਗਿਣਤੀ ਐੱਸਡੀ ਕਾਲਜ ਆਫ ਐਜੂਕੇਸ਼ਨ, ਬਰਨਾਲਾ ਵਿਖੇ 16 ਰਾਊਂਡਾਂ ਵਿੱਚ ਕੀਤੀ ਜਾਵੇਗੀ।

Advertisement
Tags :
Punjab Bypollspunjab newsPunjabi khabar