ਜ਼ਿਮਨੀ ਚੋਣ: ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ
ਗੁਰਬਖ਼ਸ਼ਪੁਰੀ
ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਇਥੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਅੱਜ ਆਪੋ-ਆਪਣੇ ਨਾਮਜ਼ਦਗੀ ਪਰਚੇ ਦਾਖ਼ਲ ਕੀਤੇ| ਦੋਵੇਂ ਉਮੀਦਵਾਰਾਂ ਨੇ ਪਰਚੇ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੀਤੇ। ਕਾਂਗਰਸ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਤਰਨ ਤਾਰਨ ਦੇ ਦਰਬਾਰ ਸਾਹਿਬ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਕਾਂਗਰਸੀ ਆਗੂ ਭੁਪੇਸ਼ ਬਘੇਲ (ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ) ਸਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ, ਰਮਨਜੀਤ ਸਿੰਘ ਸਿੱਕੀ ਹਾਜ਼ਰ ਸਨ। ਆਗੂਆਂ ਨੇ ਕਾਂਗਰਸ ਦੇ ਚੋਣ ਦਫ਼ਤਰ ਦਾ ਵੀ ਉਦਘਾਟਨ ਕੀਤਾ| ਸ੍ਰੀ ਵੜਿੰਗ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਜਿੱਤਣ ਮਗਰੋਂ ਲੋਕ ਪੱਖੀ ਸਰਕਾਰ ਦਿੱਤੀ ਜਾਵੇਗੀ।
ਉਧਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹਾਜ਼ਰ ਸਨ। ਸੁਖਬੀਰ ਦੀ ਅਗਵਾਈ ਹੇਠ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਤਰਨ ਤਾਰਨ ਤੱਕ ਰੋਡ ਸ਼ੋਅ ਕੀਤਾ ਗਿਆ| ਰੋਡ ਸ਼ੋਅ ਝਬਾਲ, ਕੋਟ ਧਰਮ ਚੰਦ ਕਲਾਂ, ਕੋਟ ਧਰਮ ਚੰਦ ਖੁਰਦ, ਨੂਰਦੀ ਤੋਂ ਹੁੰਦਾ ਹੋਇਆ ਤਰਨ ਤਾਰਨ ਦੇ ਐੱਸ ਡੀ ਐੱਮ ਦੀ ਅਦਾਲਤ ’ਚ ਪਹੁੰਚਿਆ।