ਦੁਵੱਲੀ ਗੋਲੀਬਾਰੀ ’ਚ ਕਾਰੋਬਾਰੀ ਤੇ ਗੈਂਗਸਟਰ ਦੀ ਮੌਤ
ਗੈਗਸਟਰਾਂ ਅਤੇ ਕਾਰੋਬਾਰੀ ਦੇ ਸਮਰਥਕਾਂ ਵਿਚਾਲੇ ਬੀਤੀ ਰਾਤ ਹੋਈ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਕਾਰੋਬਾਰੀ ਅਤੇ ਜ਼ਖ਼ਮੀ ਹੋਏ ਤਿੰਨ ਗੈਂਗਸਟਰਾਂ ਵਿੱਚੋਂ ਇੱਕ ਦੀ ਅੱਜ ਮੌਤ ਹੋ ਗਈ ਹੈ। ਬਾਕੀ ਦੋ ਜ਼ਖ਼ਮੀ ਗੈਂਗਸਟਰਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈੱਫ਼ਰ ਕੀਤਾ ਗਿਆ ਹੈ| ਮ੍ਰਿਤਕ ਕਾਰੋਬਾਰੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਠੱਠੀਆਂ ਮਹੰਤਾ ਤੇ ਗੈਂਗਸਟਰ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ (23) ਵਾਸੀ ਝਬਾਲ ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਤਿੰਨ ਗੈਂਗਸਟਰ ਕਾਰੋਬਾਰੀ ਗੁਰਪ੍ਰੀਤ ਸਿੰਘ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਕਾਰੋਬਾਰੀ ਦੇ ਸਮਰਥਕਾਂ ਨੇ ਗੈਂਗਸਟਰਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਨੇੜਲੇ ਪਿੰਡ ਮੋਹਨਪੁਰ ਵੜਿੰਗ ਕੋਲ ਘੇਰ ਲਿਆ। ਇਸ ਦੌਰਾਨ ਦੋਵੇਂ ਪਾਸਿਓਂ ਹੋਈ ਗੋਲੀਬਾਰੀ ਵਿੱਚ ਤਿੰਨੇ ਗੈਂਗਸਟਰ ਜ਼ਖ਼ਮੀ ਹੋ ਗਏ| ਉਨ੍ਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਗੈਂਗਸਟਰ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਕਾਰੋਬਾਰੀ ਗੁਰਪ੍ਰੀਤ ਸਿੰਘ ਵੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਗਿਆ। ਇਸ ਸਬੰਧੀ ਥਾਣਾ ਸਰਹਾਲੀ ਅਤੇ ਚੋਹਲਾ ਸਾਹਿਬ ਦੀ ਪੁਲੀਸ ਨੇ ਵੱਖੋ-ਵੱਖਰੇ ਦੋ ਕੇਸ ਦਰਜ ਕੀਤੇ ਹਨ। ਦੱਸਿਆ ਜਾ ਰਿਹਾ ਕਿ ਇਨ੍ਹਾਂ ਗੈਂਗਸਟਰਾਂ ਨੇ ਕਾਰੋਬਾਰੀ ਗੁਰਪ੍ਰੀਤ ਸਿੰਘ ਤੋਂ ਫ਼ਿਰੌਤੀ ਦੀ ਮੰਗ ਕੀਤੀ ਸੀ।