ਬਸਪਾ ਦੀ ਮਹਾਰੈਲੀ ਇਤਿਹਾਸਕ ਹੋਵੇਗੀ: ਕਰੀਮਪੁਰੀ
ਗੁਰਦੀਪ ਸਿੰਘ ਲਾਲੀ
ਬਹੁਜਨ ਸਮਾਜ ਪਾਰਟੀ ਦੀ ਲੋਕ ਸਭਾ ਪੱਧਰ ਦੀ ਮੀਟਿੰਗ ਸਥਾਨਕ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿੱਚ ਹੋਈ ਜਿਸ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਸੂਬਾ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸੂਬੇ ਵਿੱਚ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਜਾਬ ਦੇ ਲੋਕ ‘ਆਪ’, ਅਕਾਲੀ, ਭਾਜਪਾ ਅਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਨਾਰਾਜ਼ ਹੋ ਕੇ ਬਸਪਾ ਨੂੰ 2027 ਲਈ ਵਿਕਲਪ ਦੇ ਰੂਪ ਵਿੱਚ ਦੇਖ ਰਹੇ ਹਨ। ਉਨ੍ਹਾਂ ਦੱਸਿਆ ਕਿ ਬਸਪਾ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਆਦੇਸ਼ ਅਨੁਸਾਰ 9 ਅਕਤੂਬਰ ਨੂੰ ਫਿਲੌਰ ਵਿੱਚ ‘ਤਖਤ ਬਦਲ ਦਿਓ, ਤਾਜ ਬਦਲ ਦਿਓ’ ਦੇ ਬੈਨਰ ਹੇਠ ਸੂਬਾ ਪੱਧਰੀ ਮਹਾਰੈਲੀ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਲਈ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਰਟੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਹਾਰੈਲੀ ਇਤਿਹਾਸਕ ਹੋ ਨਿੱਬੜੇਗੀ ਅਤੇ 2027 ’ਚ ਬਸਪਾ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ। ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੱਛੜੇ ਵਰਗਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ ਅਤੇ ਹੁਣ ਪੱਛੜਾ ਵਰਗ ਬਹੁਜਨ ਸਮਾਜ ਪਾਰਟੀ ਵੱਲ ਨਿਗ੍ਹਾ ਟਿਕਾਈ ਬੈਠਾ ਹੈ। ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਡਾਕਟਰ ਮੱਖਣ ਸਿੰਘ ਤੇ ਲੈਕਚਰਾਰ ਅਮਰਜੀਤ ਸਿੰਘ ਜਲੂਰ ਨੇ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਸੰਗਰੂਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਬਸਪਾ ਵਰਕਰ ਇਸ ਰੈਲੀ ਵਿੱਚ ਪੁੱਜਣਗੇ। ਇਸ ਮੌਕੇ ਸਤਗੁਰ ਸਿੰਘ ਕੌਹਰੀਆਂ, ਸਰਬਜੀਤ ਸਿੰਘ ਖੇੜੀ, ਜਗਤਾਰ ਸਿੰਘ ਨਾਰੀਕੇ, ਨਿਰਮਲ ਸਿੰਘ ਮੱਟੂ , ਪਵਿੱਤਰ ਸਿੰਘ, ਹਰਮੇਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਆਗੂ ਦੇ ਵਰਕਰ ਮੌਜੂਦ ਸਨ।