ਅਗਲੀਆਂ ਚੋਣਾਂ ਮਜ਼ਬੂਤੀ ਨਾਲ ਲੜੇਗੀ ਬਸਪਾ: ਆਕਾਸ਼ ਆਨੰਦ
ਬਸਪਾ ਦੇ ਚੀਫ਼ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਨੇ ਕਿਹਾ ਕਿ ਮੀਟਿੰਗਾਂ ਕਰ ਕੇ ਆਗਾਮੀ ਲੋਕ ਸਭਾ ਤੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਸਾਲ 2027 ਵਿੱਚ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਦੋਵਾਂ ਸੂਬਿਆਂ ਵਿੱਚ ਸ਼ਾਨਦਾਰ ਢੰਗ ਨਾਲ ਜਿੱਤ ਹਾਸਲ ਕਰ ਕੇ ਆਪਣੀਆਂ ਸਰਕਾਰਾਂ ਬਣਾਈਆਂ ਜਾਣਗੀਆਂ।
ਸ੍ਰੀ ਆਨੰਦ ਨੇ ਕਿਹਾ ਕਿ ਬਸਪਾ ਆਗਾਮੀ ਲੋਕ ਸਭਾ ਚੋਣਾਂ ਵਿਚ ਦੇਸ਼ ਵਿੱਚ ਆਪਣੀ ਸਰਕਾਰ ਬਣਾਵੇਗੀ ਅਤੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਇਹ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਤੇ ਸਾਬਕਾ ਐੱਮਪੀ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸਾਲ 2027 ਵਿੱਚ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਜਦਕਿ ਸਾਲ 2026 ਦੇ ਅਖੀਰ ਵਿੱਚ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵੀ ਹੋਣਗੀਆਂ ਅਤੇ ਪਾਰਟੀ ਇਨ੍ਹਾਂ ਚੋਣਾਂ ਲਈ ਵੀ ਸੰਗਠਨ ਦੀ ਮਜ਼ਬੂਤੀ ਵਿੱਚ ਜੁਟੀ ਹੋਈ ਹੈ। ਇਸ ਮੌਕੇ ਪ੍ਰਤਾਪ ਸਿੰਘ ਕੇਂਦਰੀ ਇੰਚਾਰਜ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਇੰਚਾਰਜ ਦਯਾ ਚੰਦ, ਹਰਿਆਣਾ ਦੇ ਇੰਚਾਰਜ ਵਿਸ਼ਾਲ ਗੁੱਜਰ ਅਤੇ ਹਰਿਆਣਾ ਬਸਪਾ ਪ੍ਰਧਾਨ ਕ੍ਰਿਸ਼ਨ ਜਮਾਲਪੁਰੀ ਨੇ ਵੀ ਸੰਬੋਧਨ ਕੀਤਾ।