ਬੀਐੱਸਐੱਫ ਵੱਲੋਂ ਛੇ ਡਰੋਨ ਤੇ ਹੈਰੋਇਨ ਸਣੇ ਦੋ ਕਾਬੂ
ਜਗਤਾਰ ਸਿੰਘ ਲਾਂਬਾ
ਅੱਜ ਬੀਐੱਸਐੱਫ ਦੇ ਜਵਾਨਾਂ ਨੇ ਇੱਥੇ ਦੋ ਵੱਖ-ਵੱਖ ਥਾਵਾਂ ਤੋਂ ਛੇ ਡਰੋਨ, ਹੈਰੋਇਨ, ਹਥਿਆਰਾਂ ਦੇ ਪੁਰਜ਼ੇ ਅਤੇ ਦੋ ਕਥਿਤ ਤਸਕਰ ਕਾਬੂ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਅੱਜ ਸਾਂਝੇ ਅਪਰੇਸ਼ਨ ਤਹਿਤ ਅੰਮ੍ਰਿਤਸਰ ਅਤੇ ਤਰਨ ਤਾਰਨ ਸਰਹੱਦੀ ਖੇਤਰ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਹੈਰੋਇਨ, ਹਥਿਆਰ, ਡਰੋਨ ਅਤੇ ਦੋ ਤਸਕਰ ਕਾਬੂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰੋੜਾਵਾਲਾ ਖੁਰਦ, ਧਨੋਏ ਕਲਾਂ, ਭੈਣੀ ਰਾਜਪੂਤਾਂ ਅਤੇ ਦਾਊਕੇ ਵਿੱਚ ਕੀਤੀ ਕਾਰਵਾਈ ਦੌਰਾਨ ਛੇ ਡਰੋਨ, ਜਿਨ੍ਹਾਂ ਵਿੱਚ ਪੰਜ ਡਰੋਨ ਡੀਜੇਆਈ ਮੈਵਿਕ ਤਿੰਨ ਸ਼੍ਰੇਣੀ ਅਤੇ ਇੱਕ ਡਰੋਨ ਡੀਜੀਆਈ ਏਅਰ ਤਿੰਨ ਏਐੱਸ ਸ਼੍ਰੇਣੀ ਨਾਲ ਸਬੰਧਤ ਹਨ, ਨੂੰ ਬੇਅਸਰ ਕਰਕੇ ਹੇਠਾਂ ਡੇਗਿਆ ਹੈ। ਇਨ੍ਹਾਂ ਡਰੋਨਾਂ ਰਾਹੀਂ ਆਈ ਇੱਕ ਕਿੱਲੋ 73 ਗਰਾਮ ਹੈਰੋਇਨ, ਪਿਸਤੌਲ ਦੇ ਪੁਰਜ਼ੇ ਅਤੇ ਖਾਲੀ ਮੈਗਜ਼ੀਨ ਬਰਾਮਦ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਬੀਐੱਸਐੱਫ ਨੇ ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚੋਂ ਚਾਰ ਡਰੋਨ ਬੇਅਸਰ ਕਰਕੇ ਡੇਗੇ ਸਨ।
ਪੰਜ ਆਧੁਨਿਕ ਹਥਿਆਰਾਂ ਸਣੇ ਮੁਲਜ਼ਮ ਕਾਬੂ
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਕੋਲ਼ੋਂ ਪੰਜ ਆਧੁਨਿਕ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨੀ ਤਸਕਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰਦਾ ਸੀ। ਮੁਲਜ਼ਮ ਦੀ ਪਹਿਚਾਣ ਭਰਤਪ੍ਰੀਤ ਸਿੰਘ ਵਾਸੀ ਪਿੰਡ ਮਾੜੀ ਮੇਘਾ, ਤਰਨਤਾਰਨ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ ਪੰਜ ਆਧੁਨਿਕ ਪਿਸਤੌਲ ਜਿਨ੍ਹਾਂ ਵਿੱਚ ਦੋ ਪਿਸਤੌਲਾਂ ਨੌ ਐੱਮਐੱਮ, ਦੋ 30 ਬੋਰ ਅਤੇ ਇੱਕ 32 ਬੋਰ ਦਾ ਪਿਸਤੌਲ ਸ਼ਾਮਲ ਹੈ। ਪੁਲੀਸ ਨੇ ਮੁਲਜ਼ਮ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।