ਅਪਰੇਸ਼ਨ ‘ਸਿੰਧੂਰ’ ਦੌਰਾਨ ਬੀਐੱਸਐੱਫ ਨੇ ਦੁਸ਼ਮਣ ਦੀਆਂ 118 ਚੌਕੀਆਂ ਤਬਾਹ ਕੀਤੀਆਂ: ਡੀਜੀ
ਭਾਰਤ ਦੇ 79ਵੇਂ ਆਜ਼ਾਦੀ ਦਿਵਸ ਮੌਕੇ ਬੀਐੱਸਐੱਫ ਦੇ ਡਾਇਰੈਕਟਰ ਜਨਰਲ (ਡੀਜੀ) ਦਲਜੀਤ ਸਿੰਘ ਚੌਧਰੀ ਨੇ ਕਿਹਾ ਕਿ ਅਪਰੇਸ਼ਨ ‘ਸਿੰਧੂਰ’ ਦੌਰਾਨ ਬੀਐੱਸਐੱਫ ਜਵਾਨਾਂ ਨੇ ਅਤਿਵਾਦੀਆਂ ਦੇ ਕਈ ਲਾਂਚ ਪੈਡ ਤਬਾਹ ਕੀਤੇ ਅਤੇੇ ਜਵਾਬੀ ਕਾਰਵਾਈ ਵਿੱਚ ਦੁਸ਼ਮਣ ਦੀਆਂ 118 ਚੌਕੀਆਂ ਤਬਾਹ ਕੀਤੀਆਂ। ਬੀਐੱਸਐੱਫ ਨੇ ਇਹ ਖੁਲਾਸਾ ਅਪਰੇਸ਼ਨ ‘ਸਿੰਧੂਰ’ ਤੋਂ ਬਾਅਦ ਪਹਿਲੀ ਵਾਰ ਕੀਤਾ ਹੈ। ਅਟਾਰੀ ਸਰਹੱਦ ’ਤੇ ਰੀਟ੍ਰੀਟ ਰਸਮ ਤੋਂ ਬਾਅਦ ਡੀਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰੇਸ਼ਨ ‘ਸਿੰਧੂਰ’ ਤਹਿਤ ਬੀਐੱਸਐੱਫ ਨੇ ਇੱਕ ਵਾਰ ਮੁੜ ਆਪਣਾ ਕੌਸ਼ਲ ਪਰਖਿਆ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਮੌਕੇ ਬੀਐੱਸਐੱਫ ਨੂੰ 16 ਬਹਾਦਰੀ ਤਗਮੇ ਅਤੇ ਦੋ ਵੀਰ ਚੱਕਰ ਮਿਲੇ ਹਨ, ਜੋ ਵੱਡੇ ਮਾਣ ਵਾਲੀ ਗੱਲ ਹੈ। ਬੀਐੱਸਐੱਫ ਵੱਲੋਂ ਆਜ਼ਾਦੀ ਦਿਵਸ ਦੀ ਸ਼ਾਮ ਨੂੰ ਜੇਸੀਪੀ ਅਟਾਰੀ ’ਚ ਸ਼ਾਨਦਾਰ ਰੀਟ੍ਰੀਟ ਸਮਾਗਮ ਵੀ ਕਰਵਾਇਆ ਗਿਆ। ਇਸ ਮੌਕੇ ਬੀਐੱਸਐੱਫ ਦੇ ਜਵਾਨਾਂ ਦੇ ਨਾਲ-ਨਾਲ ਸਥਾਨਕ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਮਾਗਮ ਦੀ ਸਮਾਪਤੀ ਝੰਡਾ ਉਤਾਰਨ ਦੀ ਰਸਮ ਨਾਲ ਹੋਈ। ਇਸ ਤੋਂ ਪਹਿਲਾਂ ਸਵੇਰੇ ਡੀਜੀ ਨੇ ਅੰਮ੍ਰਿਤਸਰ ਵਿੱਚ ਕੌਮੀ ਝੰਡਾ ਲਹਿਰਾਇਆ ਅਤੇ ਜਵਾਨਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਡਿਊਟੀ ਦੌਰਾਨ ਜਾਨਾਂ ਵਾਰਨ ਵਾਲੇ ਸੁਰੱਖਿਆ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ।