ਇੱਕੋ ਪਿੰਡ ’ਚ ਵਿਆਹ ਕਰਵਾਉਣ ਵਾਲੇ ਜੋੜੇ ਦਾ ਬਾਈਕਾਟ
ਇੱਥੋਂ ਦੇ ਪਿੰਡ ਗਲਵੱਟੀ ਦੇ ਵਸਨੀਕਾਂ ਨੇ ਅਜਿਹੇ ਪਰਿਵਾਰ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਲੜਕੇ ਨੇ ਸਾਲ 2016 ਵਿੱਚ ਪਿੰਡ ਦੀ ਹੀ ਲੜਕੀ ਨਾਲ ਭੱਜ ਕੇ ਵਿਆਹ ਕਰਵਾਇਆ ਸੀ। ਹੁਣ ਜਦੋਂ ਇਹ ਜੋੜਾ ਪਿੰਡ ’ਚ ਰਹਿੰਦੇ ਆਪਣੇ ਪਰਿਵਾਰ ’ਚ ਪਰਤ ਆਇਆ ਹੈ ਤਾਂ ਲੜਕੀ ਦੇ ਪੇਕੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕੋ ਗਲੀ ਵਿੱਚ ਰਹਿੰਦੇ ਤਰਨਦੀਪ ਸਿੰਘ ਅਤੇ ਦਿਲਪ੍ਰੀਤ ਕੌਰ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਜੋੜੇ ਵਿੱਚ ਆਪਸੀ ਲੜਾਈ-ਝਗੜੇ ਵੀ ਹੋਣ ਲੱਗੇ ਤੇ 2019 ਵਿੱਚ ਝਗੜਾ ਧੂਰੀ ਦੇ ਥਾਣੇ ਵੀ ਪਹੁੰਚਿਆ ਸੀ। ਤਰਨਦੀਪ ਵੱਲੋਂ ਜ਼ਿੰਮੇਵਾਰੀਆਂ ਨਿਭਾਉਣਾ ਲਿਖਤੀ ਤੌਰ ’ਤੇ ਕਬੂਲਣ ਮਗਰੋਂ ਦੋਵਾਂ ਪਰਿਵਾਰਾਂ ਨੇ ਉਨ੍ਹਾਂ ਨੂੰ ਇਕੱਠਾ ਕਰ ਦਿੱਤਾ ਪਰ ਉਨ੍ਹਾਂ ਦੇ ਪਿੰਡ ਵਿੱਚ ਵਸਣ ਤੋਂ ਸਖ਼ਤ ਇਤਰਾਜ਼ ਸੀ। ਪਿਛਲੇ ਕੁਝ ਮਹੀਨਿਆਂ ਤੋਂ ਉਹ ਪਿੰਡ ਵਿੱਚ ਹੀ ਪੱਕੇ ਤੌਰ ’ਤੇ ਰਹਿਣ ਲੱਗ ਗਏ ਹਨ ਤਾਂ ਲੜਕੀ ਦੇ ਪੇਕੇ ਪਰਿਵਾਰ ਸਣੇ ਪਿੰਡ ਵਾਸੀਆਂ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ। ਜਦੋਂ ਕੋਈ ਕਾਨੂੰਨੀ ਪੇਸ਼ ਨਾ ਚੱਲੀ ਤਾਂ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ, ਜਿਸ ਨੂੰ ਪਿੰਡ ਦੇ ਲਗਪਗ ਹਰ ਪਰਿਵਾਰ ਨੇ ਹਸਤਾਖ਼ਰ ਕਰਕੇ ਸਹਿਮਤੀ ਦਿੱਤੀ ਹੈ। ਸਰਪੰਚ ਸਣੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਹੋਰ ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਅਜਿਹੇ ਮਾੜੇ ਕੰਮ ਦੇ ਨਤੀਜਾ ਵੀ ਮਾੜਾ ਹੀ ਹੁੰਦਾ ਹੈ। ਦਿਲਪ੍ਰੀਤ ਕੌਰ ਨੇ ਕਿਹਾ ਕਿ ਛੋਟੀ ਉਮਰ ਵਿੱਚ ਉਹ ਸਖ਼ਤ ਹਾਲਾਤ ਤੋਂ ਭੱਜਦੇ ਹੋਏ ਇਸ ਰਾਹ ’ਤੇ ਆ ਪਈ ਸੀ। ਉਸ ਨੇ ਦਾਅਵਾ ਕੀਤਾ ਕਿ ਭਾਵੇਂ ਕਿ ਉਸ ਦਾ ਪੂਰਾ ਪਰਿਵਾਰ ਇਸ ਰਿਸ਼ਤੇ ਖ਼ਿਲਾਫ਼ ਸੀ ਪਰ ਉਸ ਦੀ ਮਾਤਾ ਨੂੰ ਉਸ ਦੇ ਵਿਆਹ ਤੋਂ ਕੋਈ ਇਤਰਾਜ਼ ਨਹੀਂ ਸੀ। ਦਿਲਪ੍ਰੀਤ ਦੀ ਮਾਤਾ ਬਲਵਿੰਦਰ ਕੌਰ ਨੇ ਧੀ ਦੇ ਇਸ ਦਾਅਵੇ ਨੂੰ ਗਲਤ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਇਨ੍ਹਾਂ ਨੂੰ ਪਰਿਵਾਰਕ ਸਮਾਗਮਾਂ ’ਚ ਸ਼ਾਮਲ ਹੋਣ ਤੋਂ ਰੋਕ ਨਹੀਂ ਸੀ ਪਰ ਹੁਣ ਤਾਂ ਇਹ ਸਾਡੇ ਸਾਹਮਣੇ ਹੀ ਆ ਕੇ ਵੱਸ ਗਈ ਹੈ ਤੇ ਪਿੰਡ ਵਿੱਚ ਤਾਅਨੇ-ਮਿਹਣੇ ਸੁਣਦੇ ਹੋਏ ਉਨ੍ਹਾਂ ਦਾ ਜਿਊਣਾ ਔਖਾ ਹੋ ਗਿਆ ਹੈ। ਇਸ ਦੌਰਾਨ ਇਸ ਜੋੜੇ ਨੇ ਲੜਕੀ ਦੇ ਪਰਿਵਾਰ ਖ਼ਿਲਾਫ਼ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ਦਾ ਰੁਖ ਵੀ ਕਰ ਲਿਆ ਹੈ।