ਬਾਡੀ ਬਿਲਡਰ ਵਰਿੰਦਰ ਘੁੰਮਣ ਨੂੰ ਅੰਤਿਮ ਵਿਦਾਈ
ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਸ਼ੁੱਕਰਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਵੱਡੇ ਪੁੱਤਰ ਨੇ ਚਿਤਾ ਨੂੰ ਅਗਨੀ ਦਿੱਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਦਾ ਬੁਰਾ ਹਾਲ ਸੀ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸੰਭਾਲਿਆ। ਸਸਕਾਰ ਮੌਕੇ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿੱਚ ਵੱਡੀ ਗਿਣਤੀ ਲੋਕ ਹਾਜ਼ਰ ਸਨ। ਪਰਿਵਾਰ ’ਚ ਘੁੰਮਣ ਦੀ ਪਤਨੀ, ਇੱਕ ਧੀ ਤੇ ਦੋ ਪੁੱਤਰ ਹਨ। ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਵਰਿੰਦਰ ਘੁੰਮਣ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਅੰਮ੍ਰਿਤਸਰ ਦੇ ਨਾਮੀ ਹਸਪਤਾਲ ਵਿੱਚ ਅਪਰੇਸ਼ਨ ਦੌਰਾਨ ਘੁੰਮਣ ਨੂੰ ਦੋ ਦਿਲ ਦੇ ਦੌਰੇ ਪਏ, ਜਿਸ ਕਾਰਨ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਘੁੰਮਣ ਦੇ ਦੋਸਤਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਦਾ ਦੋਸ਼ ਲਗਾਇਆ, ਜਿਸ ਕਾਰਨ ਦੋਸਤਾਂ ਤੇ ਡਾਕਟਰਾਂ ਵਿਚਕਾਰ ਬਹਿਸ ਹੋਈ ਸੀ।
ਹਸਪਤਾਲ ਨੇ ਬਿਆਨ ਜਾਰੀ ਕੀਤਾ ਕਿ ਘੁੰਮਣ ਨੂੰ ਦਰਦ ਅਤੇ ਸੱਜੇ ਮੋਢੇ ਨੂੰ ਹਿਲਾਉਣ ਵਿੱਚ ਮੁਸ਼ਕਲ ਕਾਰਨ ਛੇ ਅਕਤੂਬਰ ਨੂੰ ਹਸਪਤਾਲ ਲਿਆਂਦਾ ਗਿਆ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਘੁੰਮਣ ਦੀ ਸਰਜਰੀ ਦੀ ਸਿਫ਼ਾਰਿਸ਼ ਕੀਤੀ। ਹਸਪਤਾਲ ਪ੍ਰਸ਼ਾਸਨ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ 9 ਅਕਤੂਬਰ ਨੂੰ ਸਰਜਰੀ ਆਮ ਵਾਂਗ ਠੀਕ ਹੋਈ ਅਤੇ ਉਨ੍ਹਾਂ ਦੀ ਹਾਲਤ ਸਥਿਰ ਸੀ। ਹਾਲਾਂਕਿ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਡਾਕਟਰਾਂ ਦੀ ਟੀਮ ਨੇ ਤੁਰੰਤ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।