ਤੜਕਸਾਰ ਘਰੋਂ ਗਾਇਬ ਹੋਈ ਮਹਿਲਾ ਦੀ ਲਾਸ਼ ਮਿਲੀ
Punjab News: ਕਾਕੋਵਾਲ ਰੋਡ ਤੋਂ ਬੀਤੇ ਦਿਨ ਤੜਕੇ ਚਾਰ ਵਜੇ ਤੋਂ ਘਰੋਂ ਗਾਇਬ ਔਰਤ ਦੀ ਲਾਸ਼ ਬੀਤੀ ਦੇਰ ਰਾਤ ਗਿੱਲ ਰੋਡ ਨਹਿਰ ਵਿੱਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਦੇਖਦੇ ਹੀ ਲੋਕਾਂ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਜਿਸ ਉਪਰੰਤ ਅਧਿਕਾਰੀਆਂ ਨੇ ਮੌਕੇ ’ਤੇ ਗੋਤਾਖੋਰਾਂ ਨੂੰ ਬੁਲਾ ਕੇ ਲਾਸ਼ ਨੂੰ ਬਾਹਰ ਕਢਵਾਇਆ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਆਪਣੀ ਬਿਮਾਰੀ ਦੀ ਪਰੇਸ਼ਾਨੀ ਦੇ ਚਲਦਿਆਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਜਾਣਕਾਰੀ ਅਨੁਸਾਰ ਗੋਤਾਖੋਰਾਂ ਨੂੰ ਔਰਤ ਦੀ ਲਾਸ਼ ਕੋਲੋਂ ਇੱਕ ਲਿਫ਼ਾਫਾ ਮਿਲਿਆ ਸੀ, ਜਿਸ ਵਿੱਚੋਂ ਆਧਾਰ ਕਾਰਡ ਤੇ ਮੋਬਾਈਲ ਨੰਬਰ ਮਿਲੀਆ।
ਮ੍ਰਿਤਕ ਔਰਤ ਪ੍ਰੇਮ ਲਤਾ ਦੇ ਪੁੱਤਰ ਬੰਟੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਖੂਨ ਸਬੰਧੀ ਬੀਮਾਰੀ ਸੀ, ਜਿਸ ਕਾਰਨ ਉਹ ਤਿੰਨ ਮਹੀਨੇ ਹਸਪਤਾਲ ਵਿੱਚ ਵੀ ਦਾਖਲ ਸਨ। ਬੀਤੇ ਦਿਨ ਉਹ ਸਵੇਰੇ ਚਾਰ ਵਜੇ ਅਚਾਨਕ ਘਰੋਂ ਗਾਇਬ ਹੋ ਗਏ ਸਨ। ਜਿਸ ਸਬੰਧੀ ਪੁਲੀਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ।
ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਔਰਤ ਦੀ ਇੱਕ ਧੀ ਤੇ ਇੱਕ ਪੁੱਤਰ ਹੈ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।