11ਵੀਂ ਦੇ ਵਿਦਿਆਰਥੀ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲੀ
ਸੁੱਚਾ ਸਿੰਘ ਪਸਨਾਵਾਲ
ਕਾਦੀਆਂ, 19 ਜੂਨ
ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਦੇ ਪਿੰਡ ਖੁੰਨ ਖੁੰਨ ਨੇੜੇ ਨਾਬਾਲਗ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਕਰਨਬੀਰ ਸਿੰਘ (17) ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਬੇਰੀ ਥਾਣਾ ਕਾਹਨੂੰਵਾਨ ਵਜੋਂ ਹੋਈ ਹੈ। ਉਹ 11ਵੀਂ ਦਾ ਵਿਦਿਆਰਥੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜਸਕਰਨਬੀਰ ਸਿੰਘ ਬੁੱਧਵਾਰ ਸ਼ਾਮ ਨੂੰ ਘਰੋਂ ਕਿਸੇ ਦਸਤਾਵੇਜ਼ ਦੀ ਫੋਟੋ ਸਟੇਟ ਕਰਵਾਉਣ ਮੋਟਰਸਾਈਕਲ ’ਤੇ ਗਿਆ ਸੀ, ਜਦੋਂ ਦੇਰ ਰਾਤ ਤੱਕ ਘਰ ਨਾ ਪਰਤਿਆ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕਰ ਦਿੱਤੀ। ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਸਾਰੀ ਰਾਤ ਉਸ ਦਾ ਕੋਈ ਪਤਾ ਨਹੀਂ ਲੱਗਿਆ। ਕੁੱਝ ਰਾਹਗੀਰਾਂ ਨੇ ਅੱਜ ਸਵੇਰੇ ਪਿੰਡ ਖੁੰਨ ਖੁੰਨ ਖੁਰਦ ਦੇ ਨਜ਼ਦੀਕ ਦਰੱਖਤ ਨਾਲ ਲਟਕਦੀ ਲਾਸ਼ ਦੇਖੀ ਅਤੇ ਪੁਲੀਸ ਨੂੰ ਸੂਚਨਾ ਦਿੱਤੀ।
ਇਸ ਮਗਰੋਂ ਕਰਾਈਮ ਬਰਾਂਚ ਨੇ ਨਾਬਾਲਗ ਦੀ ਪਛਾਣ ਲਈ ਵੱਖ-ਵੱਖ ਵੱਟਸਐਪ ਗਰੁੱਪਾਂ ਵਿੱਚ ਉਸ ਦੀ ਤਸਵੀਰ ਭੇਜੀ, ਜਦੋਂ ਇਸ ਘਟਨਾ ਬਾਰੇ ਜਸਕਰਨਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਫੌਰੀ ਥਾਣਾ ਦਸੂਹਾ ਪਹੁੰਚ ਕੇ ਆਪਣੇ ਲੜਕੇ ਦੀ ਪਛਾਣ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਸਕਰਨਬੀਰ ਸਿੰਘ ਕਦੇ ਵੀ ਫਾਹਾ ਨਹੀਂ ਲੈ ਸਕਦਾ। ਕਤਲ ਕਰ ਕੇ ਉਸ ਦੀ ਲਾਸ਼ ਦਰੱਖਤ ਨਾਲ ਲਟਕਾਈ ਗਈ ਹੈ।
ਇਸ ਮਾਮਲੇ ਸਬੰਧੀ ਥਾਣਾ ਦਸੂਹਾ ਤੋਂ ਜਾਂਚ ਅਧਿਕਾਰੀ ਏਐੱਸਆਈ ਦਿਲਦਾਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
