ਪੁਰਹੀਰਾਂ ਤੇ ਸ਼ੇਰਗੜ੍ਹ ’ਚ ਲੱਗੇ ‘ਆਪ’ ਆਗੂਆਂ ਦੇ ਮਨਾਹੀ ਵਾਲੇ ਬੋਰਡ
ਜਗਜੀਤ ਸਿੰਘ
ਲੈਂਡ ਪੂਲਿੰਗ ਸਕੀਮ ਅਧੀਨ ਆਏ ਪਿੰਡ ਪੁਰਹੀਰਾਂ ਅਤੇ ਸ਼ੇਰਗੜ੍ਹ ਦੇ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਦੀ ਪਿੰਡਾਂ ਵਿੱਚ ਦਾਖ਼ਲੇ ਦੀ ਮਨਾਹੀ ਦੇ ਬੋਰਡ ਲਗਾ ਦਿੱਤੇ ਹਨ। ਕਿਸਾਨਾਂ ਤੇ ਮਜ਼ਦੂਰ ਆਗੂਆਂ ਨੇ ਦਾਅਵਾ ਕੀਤਾ ਹੈ ਕਿ 30 ਮਾਰਚ ਨੂੰ ਹੁਸ਼ਿਆਰਪੁਰ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਅਧੀਨ ਪਿੰਡ ਪੁਰਹੀਰਾਂ ਦੀ ਕਰੀਬ 300 ਏਕੜ ਅਤੇ ਪਿੰਡ ਸ਼ੇਰਗੜ੍ਹ ਦੀ ਕਰੀਬ 250 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਪੰਜਾਬ ਬਚਾਓ-ਜ਼ਮੀਨ ਬਚਾਓ ਦੁਆਬਾ ਅਤੇ ਪੁਰਹੀਰਾਂ ਤੇ ਸ਼ੇਰਗੜ੍ਹ ਦੇ ਵਾਸੀਆਂ ਵੱਲੋਂ ਲਗਾਏ ਇਨ੍ਹ੍ਵਾਂ ਬੋਰਡਾਂ ਬਾਰੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜੋ ਵੀ ਪੰਜਾਬ ਵਿਰੋਧੀ ਜਾਂ ਕਿਸਾਨ ਵਿਰੋਧੀ ਫੈਸਲੇ ਲਵੇਗਾ, ਉਸ ਸਿਆਸੀ ਪਾਰਟੀ ਤੇ ਸਰਕਾਰ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਮੁੱਚੇ ਕਿਸਾਨ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੇ ਜ਼ਿਲ੍ਹੇ ਦੇ ਮੇਅਰ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਵੀ ਕਿਸੇ ਵੀ ਤਰੀਕੇ ਦਾ ਪ੍ਰਚਾਰ ਪਿੰਡ ਵਿੱਚ ਨਾ ਕਰਨ, ਨਹੀਂ ਤਾਂ ਉਨ੍ਹਾ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਜਾਂ ‘ਆਪ’ ਆਗੂ ਜਾਂ ਵਰਕਰ ਨੇ ਵਿਰੋਧ ਦੇ ਲਗਾਏ ਹੋਰਡਿੰਗ ਪਾੜਨ ਜਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਵੇਗਾ ਅਤੇ ਇਹ ਹੋਰਡਿੰਗ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਥਾਣਿਆਂ ਅੱਗੇ ਲਗਾਉਣੇ ਸ਼ੁਰੂ ਕਰ ਦਿੱਤੇ ਜਾਣਗੇ।