ਦੋ ਧੜਿਆਂ ’ਚ ਖੂਨੀ ਝੜਪ, ਇੱਕ ਮੌਤ, ਚਾਰ ਜ਼ਖ਼ਮੀ
ਕੇਪੀ ਸਿੰਘ
ਇੱਥੋਂ ਦੀ ਹਰਦੋਛੰਨੀ ਰੋਡ ‘ਤੇ ਹਰਦਾਨ ਪਿੰਡ ਦੇ ਬੱਸ ਸਟੈਂਡ ‘ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿਚਕਾਰ ਹੋਈ ਖ਼ੂਨੀ ਝੜਪ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (17) ਵਾਸੀ ਤਲਵੰਡੀ ਦੀਨਾਨਾਥ ਵਜੋਂ ਹੋਈ ਹੈ। ਉਹ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਝੜਪ ਦੌਰਾਨ ਜ਼ਖ਼ਮੀ ਹੋਏ ਚਾਰਾਂ ਦੇ ਢਿੱਡ, ਬਾਹਵਾਂ ਅਤੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖ਼ਮੀਆਂ ਵਿੱਚ ਹਰਨੂਰ ਸਿੰਘ ਵਾਸੀ ਬੁੱਚੇਨੰਗਲ, ਸਾਹਿਲ ਮਸੀਹ, ਗੁਰਵਿੰਦਰ ਸਿੰਘ ਵਾਸੀ ਫਜ਼ਲਾਬਾਦ ਅਤੇ ਗੁਰਪਾਲ ਸਿੰਘ ਵਾਸੀ ਜੋਗੋਵਾਲ ਬੇਦੀਆਂ ਸ਼ਾਮਲ ਹਨ। ਸਿਵਲ ਹਸਪਤਾਲ ਵਿੱਚ ਦਾਖਲ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰਦਾਨ ਪੁਲ ‘ਤੇ ਬਰਗਰ ਖਾ ਰਹੇ ਸਨ ਕਿ ਉੱਥੇ ਇੱਕ ਕਾਰ ਆਈ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਜਿਵੇਂ ਹੀ ਉਹ ਕਾਰ ਤੋਂ ਹੇਠਾਂ ਉੱਤਰੇ, ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੋਲੀਆਂ ਸਿੱਧਾ ਗੁਰਜੀਤ ਸਿੰਘ ਨੂੰ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਬਾਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਦੇ ਪੈਰਾਂ ਵੱਲ ਗੋਲੀਆਂ ਚਲਾਈਆਂ ਜਿਸ ਕਾਰਨ ਉਹ ਚਾਰੇ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਦੋ ਦਰਜਨ ਤੋਂ ਵੱਧ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੜਦੇ ਹੋਏ ਦੇਖੇ ਗਏ। ਜ਼ਖ਼ਮੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਹ ਘਰੋਂ ਲੜਾਈ ਕਰਨ ਆਏ ਸਨ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਦੋਵਾਂ ਗੁੱਟਾਂ ਦਾ ਇੱਕ ਦਿਨ ਪਹਿਲਾਂ ਗੁਰਦਾਸਪੁਰ ਦੇ ਇੱਕ ਨਿੱਜੀ ਕਾਲਜ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲੀਸ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।