ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ਮੌਕੇ ਖੂਨਦਾਨ ਕੈਂਪ
ਆਤਿਸ਼ ਗੁਪਤਾ
ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ਮੌਕੇ ਅੱਜ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਟ੍ਰਿਬਿਊਨ ਦਫ਼ਤਰ, ਚੰਡੀਗੜ੍ਹ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ 100 ਤੋਂ ਵੱਧ ਜਣਿਆਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਦਿ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਸੇਵਾਮੁਕਤ ਜਸਟਿਸ ਐੱਸ ਐੱਸ ਸੋਢੀ ਅਤੇ ਸ੍ਰੀ ਗੁਰਬਚਨ ਜਗਤ ਨੇ ਕੀਤਾ। ਸ੍ਰੀ ਸੋਢੀ ਨੇ ਖ਼ੂਨਦਾਨ ਨੂੰ ਉੱਤਮ ਦਾਨ ਦੱਸਦਿਆਂ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ’ਤੇ ਹਰ ਸਾਲ ਯੂਨੀਅਨ ਵੱਲੋਂ ਨਿਭਾਈ ਜਾਂਦੀ ਇਸ ਰੀਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਖੂਨਦਾਨ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਆ। ਇਸ ਮੌਕੇ ਦਿ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਐੱਸ ਐੱਸ ਸੋਢੀ ਤੇ ਗੁਰਬਚਨ ਜਗਤ ਵੱਲੋਂ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ।
ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਨੇ ਕਿਹਾ ਕਿ ਯੂਨੀਅਨ ਵੱਲੋਂ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ਮੌਕੇ 60ਵਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹ ਪੀੜਤਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਪੀਜੀਆਈ ਤੋਂ ਬਲੱਡ ਬੈਂਕ ਦੇ ਹੈੱਡ ਡਾ. ਰੱਤੀ ਰਾਮ ਸ਼ਰਮਾ ਅਤੇ ਡਾ. ਸੁਚੇਤ ਸਚਦੇਵਾ ਦੀ ਅਗਵਾਈ ਵਿੱਚ ਟੀਮ ਨੇ ਖੂਨ ਇਕੱਤਰ ਕੀਤਾ। ਇਸ ਮੌਕੇ ਦਿ ਟ੍ਰਿਬਿਊਨ ਦੀ ਮੁੱਖ ਸੰਪਾਦਕ ਸ੍ਰੀਮਤੀ ਜਯੋਤੀ ਮਲਹੋਤਰਾ, ਜਨਰਲ ਮੈਨੇਜਰ ਅਮਿਤ ਸ਼ਰਮਾ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਅਤੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਸ੍ਰੀਮਤੀ ਅਰਵਿੰਦਰ ਜੌਹਲ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਖੂਨਦਾਨ ਕੈਂਪ ਵਿੱਚ ਰਾਜਨ ਰੇਖੀ ਵੱਲੋਂ ਪਲੇਟਲੈੱਟ ਸਣੇ 259ਵੀਂ ਵਾਰ ਖੂਨਦਾਨ ਕੀਤਾ। ਇਸ ਤੋਂ ਇਲਾਵਾ ਅਨਿਲ ਗੁਪਤਾ ਵੱਲੋਂ 67ਵੀਂ ਵਾਰ, ਕੰਵਰ ਕਰਮ ਸਿੰਘ ਵੱਲੋਂ 57ਵੀਂ ਵਾਰ, ਰਾਜੇਸ਼ ਕੁਮਾਰ ਸ਼ਰਮਾ ਵੱਲੋਂ 53ਵੀਂ ਵਾਰ, ਧਰਮਿੰਦਰ ਵੱਲੋਂ 40ਵੀਂ ਵਾਰ, ਵਿਪਿਨ ਜੋਸ਼ੀ ਵੱਲੋਂ 39ਵੀਂ ਵਾਰ, ਰੁਚਿਕਾ ਐੱਮ ਖੰਨਾ ਵੱਲੋਂ 37ਵੀਂ ਵਾਰ, ਦਪਿੰਦਰ ਸਿੰਘ ਵੱਲੋਂ 37ਵੀਂ ਵਾਰ, ਈਸ਼ਵਰ ਚੰਦ ਧਿਆਨੀ ਤੇ ਰਾਕੇਸ਼ ਕੁਮਾਰ ਵੱਲੋਂ 36ਵੀਂ ਵਾਰ, ਮਲਕੀਤ ਸਿੰਘ ਵੱਲੋਂ 33ਵੀਂ, ਰੌਬਿਨ ਸਿੰਘ ਵੱਲੋਂ 31ਵੀਂ ਅਤੇ ਸੰਜੀਵ ਕੁਮਾਰ ਸ਼ਰਮਾ ਵੱਲੋਂ 30ਵੀਂ ਵਾਰ ਖੂਨਦਾਨ ਕੀਤਾ ਗਿਆ ਹੈ।