ਲੈਂਡ ਪੂਲਿੰਗ ਨੀਤੀ ਵਿੱਚੋਂ ਸਿਆਸੀ ਜ਼ਮੀਨ ਲੱਭਣ ਲੱਗੀ ਭਾਜਪਾ
ਚਰਨਜੀਤ ਭੁੱਲਰ
ਭਾਜਪਾ ‘ਲੈਂਡ ਪੂਲਿੰਗ ਨੀਤੀ’ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਵਿੱਚੋਂ ਸਿਆਸੀ ਜ਼ਮੀਨ ਤਲਾਸ਼ਣ ਲੱਗੀ ਹੈ ਅਤੇ ਕਿਸਾਨ ਮਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਪ੍ਰਤੀ ਨਰਾਜ਼ਗੀ ਨੂੰ ਦੂਰ ਕਰਨ ਲਈ ਤਾਣ ਲਾਉਣ ਲੱਗੀ ਹੈ। ਕਿਸਾਨ ਇਕੱਠਾਂ ’ਚ ਭਾਜਪਾ ਦੇ ਆਗੂਆਂ ਅਤੇ ਕਾਰਕੁਨਾਂ ਦੀ ਮੌਜੂਦਗੀ ਤੋਂ ਨਵੇਂ ਸਿਆਸੀ ਚਰਚੇ ਛਿੜਣ ਲੱਗੇ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲੇ ਅੰਦੋਲਨ ਦੌਰਾਨ ਪੰਜਾਬ ’ਚ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕਿਸਾਨੀ ਵਿਰੋਧ ਸਦਕਾ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਪ੍ਰੰਤੂ ਹਾਲੇ ਤੱਕ ਕਿਸਾਨੀ ਮਨਾਂ ਵਿੱਚੋਂ ਭਾਜਪਾ ਖ਼ਿਲਾਫ਼ ਰੋਹ ਮਨਫ਼ੀ ਨਹੀਂ ਹੋ ਸਕਿਆ। ਜਿਉਂ ਹੀ ਸ਼ੰਭੂ ਅਤੇ ਖਨੌਰੀ ਸੀਮਾ ਤੋਂ ਪੰਜਾਬ ਸਰਕਾਰ ਨੇ ਮੋਰਚੇ ਚੁਕਾ ਦਿੱਤੇ ਤਾਂ ਉਸ ਮਗਰੋਂ ਭਾਜਪਾ ਨੇ ਪੇਂਡੂ ਪੰਜਾਬ ’ਤੇ ਨਜ਼ਰਾਂ ਗੱਡ ਲਈਆਂ। ਕਿਸਾਨ ਯੂਨੀਅਨਾਂ ਦੇ ਨਿਸ਼ਾਨੇ ’ਤੇ ਹੁਣ ‘ਆਪ’ ਸਰਕਾਰ ਵੀ ਆ ਗਈ ਹੈ। ਭਾਜਪਾ ‘ਆਪ’ ਸਰਕਾਰ ਖ਼ਿਲਾਫ਼ ਕਿਸਾਨਾਂ ਦੀ ਨਰਾਜ਼ਗੀ ਵਿੱਚੋਂ ਆਪਣਾ ਸਿਆਸੀ ਭਵਿੱਖ ਦੇਖਣ ਲੱਗੀ ਹੈ। ਹਾਲਾਂਕਿ ਦਿਹਾਤੀ ਪੰਜਾਬ ’ਚ ਭਾਜਪਾ ਖ਼ਿਲਾਫ਼ ਰੋਹ ਦੀਆਂ ਲਕੀਰਾਂ ਕਾਇਮ ਹਨ ਪ੍ਰੰਤੂ ਹੁਣ ਭਾਜਪਾ ਕਿਸਾਨੀ ਵੋਟ ਬੈਂਕ ਤੋਂ ਉਮੀਦਾਂ ਰੱਖਣ ਲੱਗੀ ਹੈ।
ਸੰਯੁਕਤ ਕਿਸਾਨ ਮੋਰਚਾ ਨੇ 18 ਜੁਲਾਈ ਨੂੰ ਸਭ ਸਿਆਸੀ ਧਿਰਾਂ ਨੂੰ ‘ਲੈਂਡ ਪੂਲਿੰਗ ਨੀਤੀ’ ਦੇ ਮਾਮਲੇ ’ਤੇ ਸਟੈਂਡ ਸਪੱਸ਼ਟ ਕਰਨ ਲਈ ਸੱਦਿਆ ਹੈ। ਬਾਕੀ ਸਿਆਸੀ ਧਿਰਾਂ ਦੇ ਨਾਲ ਭਾਜਪਾ ਨੂੰ ਵੀ ਸੱਦਿਆ ਗਿਆ ਹੈ ਜਦੋਂਕਿ ਦਿੱਲੀ ਅੰਦੋਲਨ ਦੌਰਾਨ ਕਦੇ ਵੀ ਅਜਿਹੀਆਂ ਮੀਟਿੰਗਾਂ ’ਚ ਸ਼ਾਮਲ ਹੋਣ ਲਈ ਭਾਜਪਾ ਨੂੰ ਸੱਦਾ ਨਹੀਂ ਦਿੱਤਾ ਜਾਂਦਾ ਸੀ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਪ੍ਰਭਾਵਿਤ ਕਿਸਾਨਾਂ ਨੂੰ ਨਾਲ ਲੈ ਕੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਨੂੰ ਮਿਲੇ ਸਨ ਅਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮੰਗ ਪੱਤਰ ਵੀ ਦਿੱਤਾ ਸੀ। ਸੁਨੀਲ ਜਾਖੜ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਕਾਂਗਰਸ ਦੇ ਭੂਮਿਕਾ ਨਿਭਾਉਣ ਵਿੱਚ ਅਸਫ਼ਲ ਰਹਿਣ ਮਗਰੋਂ ਭਾਜਪਾ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੀ ਹੈ ਅਤੇ ਪੰਜਾਬ ਦੇ ਲੋਕ ‘ਆਪ’ ਸਰਕਾਰ ਖ਼ਿਲਾਫ਼ ਖੜ੍ਹੀ ਹੋਣ ਵਾਲੀ ਧਿਰ ਵਜੋਂ ਭਾਜਪਾ ਨੂੰ ਦੇਖਣ ਲੱਗੇ ਹਨ। ਭਾਜਪਾ ਕਈ ਸਟੇਜਾਂ ਤੋਂ ਲੈਂਡ ਪੂਲਿੰਗ ਨੀਤੀ ਦੇ ਮਾਮਲੇ ’ਤੇ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਕਰ ਚੁੱਕੀ ਹੈ।
ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ’ਚ ਲੁਧਿਆਣਾ ਵਿੱਚ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਹੋਏ ਕਿਸਾਨ ਇਕੱਠ ਵਿੱਚ ਭਾਜਪਾ ਦੇ ਦੋ ਆਗੂਆਂ ਨੇ ਸੰਬੋਧਨ ਕੀਤਾ ਸੀ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਕਿਸਾਨ ਆਗੂਆਂ ਦੇ ਨਾਲ ਭਾਜਪਾ ਆਗੂ ਦੀ ਮੌਜੂਦਗੀ ਨੂੰ ਲੈ ਕੇ ਲੋਕਾਂ ਨੇ ਟੇਵੇ ਲਾਉਣੇ ਸ਼ੁਰੂ ਕਰ ਦਿੱਤੇ ਸਨ। ਇਹ ਪ੍ਰਦਰਸ਼ਨ ਇੱਕ ਵਿਅਕਤੀ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ’ਚ ਇਨਸਾਫ਼ ਲੈਣ ਲਈ ਹੋਇਆ ਸੀ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਰਪੰਚ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਹੋਏ ਪ੍ਰਦਰਸ਼ਨ ਵਿੱਚ ਵੀ ਭਾਜਪਾ ਆਗੂਆਂ ਦੀ ਮੌਜੂਦਗੀ ਦੇਖੀ ਗਈ ਸੀ।