ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਨੇ ਚਲਾਈ ‘ਲੋਕਾਂ ਦੀ ਵਿਧਾਨ ਸਭਾ’

ਪੰਜਾਬ ’ਚ ਹਡ਼੍ਹ ‘ਮਾਨ ਮੇਡ ਆਫ਼ਤ’ ਕਰਾਰ; ਐੱਸ ਡੀ ਆਰ ਐੱਫ ਦੇ ਫੰਡਾਂ ਦੀ ਦੁਰਵਰਤੋਂ ਲਈ ਸੀਬੀਆਈ ਜਾਂਚ ਮੰਗੀ
ਚੰਡੀਗੜ੍ਹ ਵਿੱਚ ਲੋਕਾਂ ਦੀ ਵਿਧਾਨ ਸਭਾ’ ਵਿੱਚ ਸੰਬੋਧਨ ਕਰਦੇ ਹੋਏ ਅਸ਼ਵਨੀ ਸ਼ਰਮਾ।
Advertisement

ਆਤਿਸ਼ ਗੁਪਤਾ

ਪੰਜਾਬ ਭਾਜਪਾ ਨੇ ਸੂਬਾ ਸਰਕਾਰ ਵੱਲੋਂ ਹੜ੍ਹ ਪ੍ਰਬੰਧਾਂ ਲਈ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਇੱਥੇ ਸੈਕਟਰ-37 ਸਥਿਤ ਪਾਰਟੀ ਦਫ਼ਤਰ ਦੇ ਬਾਹਰ ‘ਲੋਕਾਂ ਦੀ ਵਿਧਾਨ ਸਭਾ’ ਚਲਾਈ। ਇਸ ਮੌਕੇ ਭਾਜਪਾ ਆਗੂਆਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਕੁਦਰਤੀ ਆਫ਼ਤ ਦੀ ਨਹੀਂ ‘ਮਾਨ ਮੇਡ ਆਫ਼ਤ’ ਕਰਾਰ ਦਿੱਤਾ। ਇਸ ਮੌਕੇ ਸਪੀਕਰ ਦੀ ਭੂਮਿਕਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਅਦਾ ਕੀਤੀ, ਜਦੋਂ ਕਿ ਲੀਡਰ ਆਫ਼ ਹਾਊਸ ਦੀ ਭੂਮਿਕਾ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਿਭਾਈ। ਭਾਜਪਾ ਨੇ ‘ਲੋਕਾਂ ਦੀ ਵਿਧਾਨ ਸਭਾ’ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਹੜ੍ਹਾਂ ਕਰਕੇ ਮਾਰੇ ਗਏ 59 ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਰਕਾਰ ਵੱਲੋਂ ਮੌਨਸੂਨ ਦੀ ਆਮਦ ਨੂੰ ਲੈ ਕੇ ਪ੍ਰਬੰਧ ਕਰਨ ਅਤੇ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਰਾਹਤ ਕਾਰਜ ਮੁਹੱਈਆ ਕਰਵਾਉਣ ਵਿੱਚ ਅਣਗਹਿਲੀ ਵਰਤਣ ਲਈ ਨਿੰਦਾ ਮਤਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹਾਂ ਨੂੰ ਕੁਦਰਤੀ ਆਫ਼ਤ ਦੱਸ ਕੇ ਪੱਲਾ ਝਾੜਿਆ ਜਾ ਰਿਹਾ ਹੈ, ਜਦੋਂ ਕਿ ਇਹ ‘ਮਾਨ ਮੇਡ ਆਫ਼ਤ’ ਹੈ, ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਜਿਨ੍ਹਾਂ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਦਰਿਆਵਾਂ ਦੀ ਸਫਾਈ ਨਹੀਂ ਕੀਤੀ ਅਤੇ ਨਾ ਹੋਰ ਪ੍ਰਬੰਧ ਕੀਤੇ। ਸ੍ਰੀ ਸ਼ਰਮਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਦੀ ਮਦਦ ਲਈ ਆਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਭਰਤੀ ਹੋ ਗਏ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਪੰਜਾਬ ਨੂੰ ਫੌਰੀ ਰਾਹਤ ਵਜੋਂ 1600 ਕਰੋੜ ਰੁਪਏ ਦੇ ਕੇ ਗਏ। ਭਾਜਪਾ ਆਗੂਆਂ ਨੇ ਐੱਸ ਡੀ ਆਰ ਐੱਫ ਦੇ 12 ਹਜ਼ਾਰ ਕਰੋੜ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਕਰਨ ਲਈ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁਘ ਨੇ ਸੂਬੇ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਲਈ ਗੈਰ ਕਾਨੂੰਨੀ ਮਾਈਨਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮੌਕੇ ਜੰਗੀ ਲਾਲ ਮਹਾਜਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮਾਂ ਰਹਿੰਦੇ ਮੌਸਮ ਵਿਭਾਗ ਤੇ ਹੋਰਨਾਂ ਵਿਭਾਗਾਂ ਨਾਲ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਕੋਈ ਅਗਾਮੀ ਪ੍ਰਬੰਧ ਕੀਤੇ ਹਨ। ਰਾਣਾ ਗੁਰਮੀਤ ਸਿੰਘ ਨੇ ਸਰਕਾਰ ਤੋਂ ਐੱਸਡੀਆਰਐੱਫ ਦੇ 12 ਹਜ਼ਾਰ ਕਰੋੜ ਰੁਪਏ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ, ਪਰਮਪਾਲ ਕੌਰ, ਸੋਮ ਪ੍ਰਕਾਸ਼, ਅਸ਼ਵਨੀ ਸੇਖੜੀ ਨੇ ਵਿਚਾਰ ਰੱਖੇ।

Advertisement

ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਰਹੇ ਗ਼ੈਰਹਾਜ਼ਰ

ਪੰਜਾਬ ਭਾਜਪਾ ਵੱਲੋਂ ਲਗਾਈ ਗਈ ‘ਲੋਕਾਂ ਦੀ ਵਿਧਾਨ ਸਭਾ’ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂ, ਮੌਜੂਦਾ ਵਿਧਾਇਕ, ਸਾਬਕਾ ਮੰਤਰੀ ਤੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਗ਼ੈਰਹਾਜ਼ਰ ਰਹੇ। ਸੁਨੀਲ ਜਾਖੜ ਦੇ ਨਿੱਜੀ ਸਕੱਤਰ ਸੰਜੀਵ ਤਰੀਕਾ ਨੇ ਕਿਹਾ ਕਿ ਕੁਝ ਪਰਿਵਾਰਕ ਰੁਝੇਵਿਆਂ ਕਾਰਨ ਸੁਨੀਲ ਜਾਖੜ ਅੱਜ ਸ਼ਾਮਲ ਨਹੀਂ ਹੋ ਸਕੇ।

Advertisement
Show comments