ਭਾਜਪਾ ਮਹਿਲਾ ਮੋਰਚਾ ਨੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ
ਭਾਜਪਾ ਮਹਿਲਾ ਮੋਰਚਾ ਪੰਜਾਬ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਨਾ ਦੇਣ ਵਿਰੁੱਧ ਚੰਡੀਗੜ੍ਹ ’ਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਕੁਝ ਦੂਰੀ ’ਤੇ ਰੋਕ ਦਿੱਤਾ। ਇਸ ਦੌਰਾਨ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਖਿੱਚ-ਧੂਹ ਹੋਈ। ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਕੇ ਦੇਰ ਸ਼ਾਮ ਨੂੰ ਛੱਡਿਆ।
ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 22 ਨਵੰਬਰ 2021 ਨੂੰ ਮੋਗਾ ’ਚ ਚੋਣ ਰੈਲੀ ਦੌਰਾਨ ਸੂਬੇ ਵਿੱਚ ਸਰਕਾਰ ਬਣਨ ’ਤੇ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਸੀ, ਪਰ 45 ਮਹੀਨੇ ਬੀਤਣ ਦੇ ਬਾਵਜੂਦ ਔਰਤਾਂ ਨੂੰ ਇੱਕ ਵੀ ਰੁਪਇਆ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਛੇਤੀ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰੇ ਤੇ 45 ਮਹੀਨਿਆਂ ਦਾ ਬਕਾਇਆ ਵੀ ਜਾਰੀ ਕੀਤਾ ਜਾਵੇ।
ਜੈ ਇੰਦਰ ਕੌਰ ਨੇ ਕਿਹਾ ਕਿ ‘ਆਪ’ ਵੱਲੋਂ ਪੰਜਾਬ ਵਿੱਚ ਲੋਕਾਂ ਨਾਲ ਜਿਹੜੇ ਵੀ ਵਾਅਦੇ ਕੀਤੇ ਸਨ, ਉਹ ਹਾਲੇ ਤੱਕ ਪੂਰੇ ਨਹੀਂ ਹੋ ਸਕੇ। ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਮੋੜਵਾਂ ਜਵਾਬ ਦੇਣਗੇ। ਇਸ ਮੌਕੇ ਸੀਨੀਅਰ ਆਗੂ ਪਰਮਪਾਲ ਕੌਰ, ਮੀਨੂੰ ਸੇਠੀ, ਰੇਨੂੰ ਕਸ਼ਯਪ ਆਦਿ ਮੌਜੂਦ ਰਹੇ।
