ਮਹਿਲ ਕਲਾਂ 'ਚ ਕੈਂਪ ਲਗਾਉਣ ਤੋਂ ਪਹਿਲਾਂ ਭਾਜਪਾ ਆਗੂ ਹਿਰਾਸਤ ’ਚ ਲਏ
ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਮਹਿਲ ਕਲਾਂ ਵਿਖੇ ਲਗਾਈ ਜਾਣ ਵਾਲੇ ਕੈਂਪ ਤੋਂ ਪਹਿਲਾਂ ਹੀ ਪਾਰਟੀ ਦੇ ਕੁਝ ਆਗੂਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇਸ ਦੀ ਪੁਸ਼ਟੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਭਾਜਪਾ ਵੱਲੋਂ ਮਹਿਲ ਕਲਾਂ ਦੀ ਇਕ ਧਰਮਸ਼ਾਲਾ ਵਿੱਚ ਕੈਂਪ ਲਗਾਇਆ ਜਾਣਾ ਸੀ, ਜਿਸ ਤੋਂ ਪਹਿਲਾਂ ਹੀ ਉਹਨਾਂ ਦੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ, ਸਾਬਕਾ ਸਰਪੰਚ ਬਲਦੀਪ ਸਿੰਘ ਮਹਿਲ ਖੁਰਦ ਅਤੇ ਸੀਨੀਅਰ ਭਾਜਪਾ ਆਗੂ ਕੁਲਦੀਪ ਮਿੱਤਲ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ।
ਉਨ੍ਹਾਂ ਦੱਸਿਆ ਕਿ ਫਿਲਹਾਲ ਇਨ੍ਹਾਂ ਆਗੂਆਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਕਿੱਥੇ ਗਈ ਹੈ ਇਸ ਬਾਰੇ ਸਹੀ ਪਤਾ ਨਹੀਂ ਲੱਗ ਰਿਹਾ। ਜੇਕਰ ਪੁਲੀਸ ਨੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।
ਉਨ੍ਹਾਂ ਆਪ ਸਰਕਾਰ ਉੱਪਰ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਲੈਣ ਤੋਂ ਰੋਕ ਰਹੀ ਹੈ। ਉੱਧਰ ਇਸ ਸਬੰਧ ਵਿੱਚ ਕੋਈ ਵੀ ਪੁਲੀਸ ਅਧਿਕਾਰੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਕਤਰਾ ਰਿਹਾ ਹੈ। ਥਾਣਾ ਮਹਿਲ ਕਲਾਂ ਦੇ ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਮਹਿਲ ਕਲਾਂ ਪੁਲੀਸ ਨੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ।