ਭਾਜਪਾ ਨੇ ਸਿੱਧਾਰਮਈਆ ਅਤੇ ਸ਼ਿਵਕੁਮਾਰ ਦਾ ਅਸਤੀਫ਼ਾ ਮੰਗਿਆ
ਨਵੀਂ ਦਿੱਲੀ: ਭਾਜਪਾ ਨੇ ਬੰਗਲੂਰੂ ’ਚ ਕ੍ਰਿਕਟ ਸਟੇਡੀਅਮ ਦੇ ਬਾਹਰ ਭਗਦੜ ਮਾਮਲੇ ਲਈ ਸੂਬੇ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਸਿੱਧਾਰਮਈਆ ਅਤੇ ਸ਼ਿਵਕੁਮਾਰ ਵਿਚਾਲੇ ਚੱਲ ਰਹੀ ਕਥਿਤ ਆਪਸੀ ਲੜਾਈ ਅਤੇ ਟਕਰਾਅ ਕਾਰਨ ਹਾਦਸਾ ਵਾਪਰਿਆ। ਉਨ੍ਹਾਂ ਘਟਨਾ ’ਤੇ ਰਾਹੁਲ ਗਾਂਧੀ ਦੀ ਖਾਮੋਸ਼ੀ ’ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅਹੁਦੇ ਤੋਂ ਲਾਂਭੇ ਕਰਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਭਾਰਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫੌਜ ਦਾ ਮਖੌਲ ਉਡਾਉਂਦੇ ਆ ਰਹੇ ਹਨ ਪਰ ਹੁਣ ਉਹ ਕਿਥੇ ਜਾ ਕੇ ਲੁਕ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਤੇ ਪ੍ਰਬੰਧਕਾਂ ਵਿਚਾਲੇ ਕੋਈ ਤਾਲਮੇਲ ਨਹੀਂ ਸੀ ਜਿਸ ਦੇ ਨਤੀਜੇ ਵਜੋਂ ਹਾਦਸਾ ਵਾਪਰਿਆ। -ਪੀਟੀਆਈ
ਭਗਦੜ ਮਾਮਲੇ ’ਚ ਹਾਈ ਕੋਰਟ ਵੱਲੋਂ ਕਰਨਾਟਕ ਸਰਕਾਰ ਨੂੰ ਨੋਟਿਸ ਜਾਰੀ
ਬੰਗਲੂਰੂ: ਕਰਨਾਟਕ ਹਾਈ ਕੋਰਟ ਨੇ ਇਥੇ ਕ੍ਰਿਕਟ ਸਟੇਡੀਅਮ ਦੇ ਬਾਹਰ ਮਚੀ ਭਗਦੜ ਕਾਰਨ 11 ਵਿਅਕਤੀਆਂ ਦੀ ਮੌਤ ਅਤੇ 56 ਦੇ ਜ਼ਖ਼ਮੀ ਹੋਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਸਥਿਤੀ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 10 ਜੂਨ ਤੱਕ ਵਿਸਤ੍ਰਿਤ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਕਾਰਜਕਾਰੀ ਚੀਫ਼ ਜਸਟਿਸ ਵੀ. ਕਮਲੇਸ਼ਵਰ ਰਾਓ ਅਤੇ ਜਸਟਿਸ ਸੀਐੱਮ ਜੋਸ਼ੀ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੇ ਅਦਾਲਤ ਦੀ ਰਜਿਸਟਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਾਮਲੇ ਨੂੰ ਖੁਦ ਹੀ ਨੋਟਿਸ ਲੈਣ ਵਾਲੀ ਜਨਹਿੱਤ ਪਟੀਸ਼ਨ ਵਜੋਂ ਦੇਖੇ। ਜਦੋਂ ਇਹ ਮਾਮਲਾ ਬੈਂਚ ਅੱਗੇ ਆਇਆ ਤਾਂ ਐਡਵੋਕੇਟ ਜਨਰਲ ਸ਼ਸ਼ੀ ਕਿਰਨ ਸ਼ੈੱਟੀ ਨੇ ਕਿਹਾ ਕਿ ਸਟੇਡੀਅਮ ’ਚ ਮੁਫ਼ਤ ਦਾਖ਼ਲੇ ਦੇ ਐਲਾਨ ਕਾਰਨ ਗੇਟ ’ਤੇ ਭਾਰੀ ਭੀੜ ਇਕੱਠੀ ਹੋ ਗਈ ਸੀ ਜਿਸ ਕਾਰਨ ਭਗਦੜ ਮਚੀ। -ਪੀਟੀਆਈ