ਭਾਜਪਾ ਨੇ ਪੰਜਾਬ ’ਚ ਕਾਨੂੰਨ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਘੇਰੀ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਵਿਗੜ ਰਹੇ ਕਥਿਤ ਕਾਨੂੰਨ ਪ੍ਰਬੰਧਾਂ ਦੇ ਮੁੱਦੇ ’ਤੇ ਸੂਬਾ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਘੇਰਿਆ ਹੈ। ਸੁਨੀਲ ਜਾਖੜ ਨੇ ਇੱਥੇ ਕਿਹਾ ਕਿ ਲੰਘੀ 7 ਨਵੰਬਰ ਨੂੰ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਗੈਂਗਸਟਰਾਂ ਨੂੰ ਸੱਤ ਦਿਨਾਂ ਵਿੱਚ ਪੰਜਾਬ ਛੱਡਣ ਜਾਂ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ, ਪਰ ਗੈਂਗਸਟਰ ਉਨ੍ਹਾਂ ਦੀ ਚਿਤਾਵਨੀ ਕਬੂਲ ਕਰਦਿਆਂ ਹਰ ਦਿਨ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਅਤੇ ਇੱਕ ਮਹੀਨੇ ਵਿੱਚ ਗੋਲੀਬਾਰੀ, ਲੁੱਟ ਖੋਹ, ਫਿਰੌਤੀ ਮੰਗਣ ਵਰਗੀਆਂ ਗੰਭੀਰ ਕਈ ਘਟਨਾਵਾਂ ਹੋਈਆਂ ਹਨ। ਹਾਲਾਂਕਿ ਚਿਤਾਵਨੀ ਦੇਣ ਮਗਰੋਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚੋਂ ਗਾਇਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 17 ਡੀ ਜੀ ਪੀ ਅਤੇ 13 ਏ ਡੀ ਜੀ ਪੀ ਹਨ, ਜੋ ਕਿ ਗੈਂਗਸਟਰਾਂ ’ਤੇ ਨੱਥ ਪਾਉਣ ਵਿੱਚ ਅਸਮਰੱਥ ਰਹਿ ਰਹੇ ਹਨ। ਸੁਨੀਲ ਜਾਖੜ ਨੇ ਦਾਅਵਾ ਕੀਤਾ, ‘‘ਅਸਲ ਵਿੱਚ ਲੈਂਡ ਪੂਲਿੰਗ ਪਾਲਸੀ ਫੇਲ੍ਹ ਹੋਣ ਤੋਂ ਮਗਰੋਂ ਸੱਤਾ ਵਿੱਚ ਬੈਠੇ ਲੋਕਾਂ ਨੇ ਪੁਲੀਸ ਨੂੰ ਕਥਿਤ ਨਾਜਾਇਜ਼ ਉਗਰਾਹੀ ਦੇ ਕੰਮ ’ਚ ਲਾ ਦਿੱਤਾ ਹੈ। ਸੰਵਿਧਾਨ ਨੂੰ ਜਵਾਬਦੇਹ ਪੁਲੀਸ ਅਧਿਕਾਰੀਆਂ ਨੇ ਸੱਤਾਧਾਰੀਆਂ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਹੁਣ ਉਹ ‘ਆਪ’ ਦੇ ਆਗੂਆਂ ਲਈ ਨਾ ਕੇਵਲ ਚੋਣ ਲੁੱਟਣ ਵਰਗੇ ਗ਼ੈਰ-ਜਮਹੂਰੀ ਕੰਮਾਂ ਵਿੱਚ ਰੁਝੇ ਹੋਏ ਹਨ ਸਗੋਂ ਬਹੁਤ ਸਾਰੇ ਵਰਦੀਧਾਰੀ ਲੋਕਾਂ ਤੋਂ ਵੱਖ-ਵੱਖ ਤਰੀਕਿਆਂ ਨਾਲ ਦਬਾਅ ਬਣਾ ਕੇ ਨਾਜਾਇਜ਼ ਵਸੂਲੀ ’ਚ ਵੀ ਲੱਗੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਸੱਤਾ ਵਿੱਚ ਆਉਂਦਿਆਂ ਹੀ ਗਲਤ ਕੰਮਾਂ ’ਚ ਸ਼ਾਮਲ ਲੋਕਾਂ ਨੂੰ ਨੱਥ ਪਾਵੇਗੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਪੁਲੀਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਪੰਜਾਬ ਵਿੱਚ ਨਾ ਹੋਣ ਦਾ ਦਾਅਵਾ ਕੀਤਾ ਸੀ, ਪਰ ਹਾਈ ਕੋਰਟ ਦੀ ਜਾਂਚ ’ਚ ਇਹ ਇੰਟਰਵਿਊ ਪੰਜਾਬ ਵਿੱਚ ਹੋਣ ਦਾ ਖੁਲਾਸਾ ਹੋਇਆ ਹੈ। ਇਸੇ ਤਰ੍ਹਾਂ ਹੁਣ ਐੱਸ ਐੱਸ ਪੀ ਪਟਿਆਲਾ ਦੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਸਬੰਧੀ ਆਡੀਓ ਨੂੰ ਪੁਲੀਸ ਏ ਆਈ ਨਾਲ ਤਿਆਰ ਕੀਤੀ ਦੱਸ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆਡੀਓ ਦੀ ਜਾਂਚ ਤੇ ਕਸੂਰਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
‘‘ਕਾਂਗਰਸ ਨੇ ਇੱਕ ਆਗੂ ਨੂੰ 350 ਕਰੋੜ ਲੈ ਕੇ ਬਣਾਇਆ ਸੀ ਮੁੱਖ ਮੰਤਰੀ’’
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਿੱਚ ਪਹਿਲਾਂ ਵੀ ਇੱਕ ਆਗੂ ਨੇ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਸੀ ਤਾਂ ਹੁਣ 500 ਕਰੋੜ ਰੁਪਏ ਮੰਗਣਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਬਹੁਤੇ ਲੋਕ ਸਿਰਫ਼ ਪੈਸਿਆਂ ਲਈ ਰਾਜਨੀਤੀ ਕਰਦੇ ਹਨ।
