ਹੜ੍ਹ ਰਾਹਤ ਫੰਡਾਂ ਦੇ ਮਾਮਲੇ ਵਿੱਚ ਭਾਜਪਾ ਤੇ ‘ਆਪ’ ਆਹਮੋ-ਸਾਹਮਣੇ
ਪੰਜਾਬ ਵਿੱਚ ਆਏ ਹੜ੍ਹਾਂ ਕਰ ਕੇ ਸੂਬੇ ਵਿੱਚ 5 ਲੱਖ ਏਕੜ ਫ਼ਸਲ ਤਬਾਹ ਹੋ ਗਈ ਹੈ। ਇਸ ਦੇ ਨਾਲ ਹੀ 60 ਜਣਿਆਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ। ਵੱਡੀ ਗਿਣਤੀ ਘਰ ਡਿੱਗ ਗਏ ਅਤੇ ਪਸ਼ੂ ਮਾਰੇੇ ਗਏ। ਇਸ ਦੌਰਾਨ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਦੀ ਥਾਂ ਕੇਂਦਰ ਵਿੱਚ ਕਾਬਜ਼ ਭਾਜਪਾ ਅਤੇ ਪੰਜਾਬ ਦੀ ‘ਆਪ’ ਸਰਕਾਰ ਮਿਹਣੋ-ਮਿਹਣੀ ਹੋਣ ਲੱਗੇ ਪਏ ਹਨ। ਜੋ ਹੜ੍ਹ ਰਾਹਤ ਫੰਡਾਂ ਨੂੰ ਲੈ ਕੇ ਇਕ-ਦੂਜੇ ਦੀ ਘੇਰਾਬੰਦੀ ਕਰਨ ਲੱਗੇ ਹੋਏ ਹਨ। ਅੱਜ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸੂਬੇ ਵਿੱਚ ਆਏ ਹੜ੍ਹਾਂ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ‘ਆਪ’ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹੜ੍ਹ ਪ੍ਰਭਾਵਿਤ ਪੰਜਾਬ ਦੀ ਮਦਦ ਕਰਨ ਦੀ ਥਾਂ ਸੂਬੇ ਨਾਲ ਮਤਰੇਆ ਸਲੂਕ ਕਰਨ ਦੇ ਦੋਸ਼ ਲਗਾਏ ਗਏ ਹਨ।
ਸ੍ਰੀ ਅਸ਼ਵਨੀ ਸ਼ਰਮਾ ਨੇ ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਹੜ੍ਹਾਂ ਲਈ ਪੰਜਾਬ ਸਰਕਾਰ ਵਿਰੁੱਧ ਚਾਰਜਸ਼ੀਟ ਜਾਰੀ ਕਰਦਿਆਂ ਸੂਬੇ ਵਿੱਚ ਆਏ ਹੜ੍ਹਾਂ ਦੇ ਕੁਪ੍ਰਬੰਧਨ ਤੇ ਐੱਸ ਡੀ ਆਰ ਐੱਫ ਦੇ 12,500 ਕਰੋੜ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਹੜ੍ਹਾਂ ਦੀਆਂ ਅਗਾਮੀ ਤਿਆਰੀਆਂ ਨਹੀਂ ਕੀਤੀਆਂ ਅਤੇ ਨਾ ਹੀ ਡੈਮਾਂ ਵਿੱਚੋਂ ਪਾਣੀ ਛੱਡਿਆ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮ ਸਿੰਘ ਚੀਮਾ, ਡਾ. ਸੁਭਾਸ਼ ਸ਼ਰਮਾ ਅਤੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਵੀ ਮੌਜੂਦ ਰਹੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੌਸਮ ਵਿਭਾਗ ਵੱਲੋਂ ਇਸ ਸਾਲ ਭਾਰੀ ਮੀਂਹ ਪੈਣ ਸਬੰਧੀ ਵਾਰ-ਵਾਰ ਚਿਤਾਵਨੀ ਸਰਕਾਰ ਨੇ ਸੂਬੇ ਵਿੱਚ ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੀ ਸਫਾਈ ਨਹੀਂ ਕੀਤੀ ਅਤੇ ਨਾ ਹੀ ਰਣਜੀਤ ਸਾਗਰ ਡੈਮ ਦੇ ਗੇਟਾਂ ਨੂੰ ਖੋਲ੍ਹ ਕੇ ਵੇਖਿਆ। ਇਸੇ ਕਰ ਕੇ ਮਾਧੋਪੁਰ ਫਲੱਡ ਗੇਟ ਦੇ ਤਿੰਨ ਗੇਟ ਟੁੱਟ ਗਏ, ਜਿਸ ਕਰ ਕੇ ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਭਾਰੀ ਨੁਕਸਾਨ ਹੋਇਆ।
ਕੇਂਦਰੀ ਮੰਤਰੀਆਂ ਨੇ ਸਿਰਫ਼ ਫੋਟੋ ਖਿਚਵਾਈਆਂ ਦਿੱਤਾ ਕੁਝ ਨਹੀਂ: ਨੀਲ ਗਰਗ
‘ਆਪ’ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵੱਲੋਂ ਸੂਬਾ ਸਰਕਾਰ ’ਤੇ ਲਗਾਏ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆ ਕੇਂਦਰ ’ਤੇ ਪੰਜਾਬ ਨਾਲ ਮਤਰੇਆ ਸਲੂਕ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ 5 ਲੱਖ ਏਕੜ ਤੋਂ ਵੱਧ ਫ਼ਸਲਾਂ ਤਬਾਹ ਹੋ ਗਈਆਂ। ਸੂਬੇ ਵਿੱਚ 2305 ਪਿੰਡ, 8,500 ਕਿਲੋਮੀਟਰ ਸੜਕਾਂ, 3,200 ਸਕੂਲ ਅਤੇ ਹਜ਼ਾਰਾਂ ਪਸ਼ੂ ਮਾਰੇ ਗਏ, ਜਿਸ ਦਾ ਕੁੱਲ ਨੁਕਸਾਨ ਲਗਪਗ 20,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਵੱਲੋਂ ਪੰਜਾਬ ਵਿੱਚ ਦੌਰੇ ਦੇ ਨਾਮ ’ਤੇ ਸਿਰਫ਼ ਫੋਟੋਆਂ ਖਿਚਵਾਈਆਂ ਜਾ ਰਹੀਆਂ ਹਨ। ਇਨ੍ਹਾਂ ਮੰਤਰੀਆਂ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਸ੍ਰੀ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਸਿਰਫ਼ 1600 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਉਸ ਵਿੱਚੋਂ ਵੀ ਇਕ ਰੁਪਇਆ ਵੀ ਪੰਜਾਬ ਕੋਲ ਨਹੀਂ ਪਹੁੰਚਿਆ।