ਦਲਿਤਾਂ ’ਚ ਵੰਡੀਆਂ ਪਾ ਰਹੀਆਂ ਨੇ ਭਾਜਪਾ ਤੇ ‘ਆਪ’: ਚੌਧਰੀ
ਗੁਰਿੰਦਰ ਸਿੰਘ
ਪੰਜਾਬ ਕਾਂਗਰਸ ਕਮੇਟੀ ਐੱਸ ਸੀ ਵਿੰਗ ਦੇ ਨਵ-ਨਿਯੁਕਤ ਇੰਚਾਰਜ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਸੁਧੀਰ ਚੌਧਰੀ ਨੇ ਕਿਹਾ ਕਿ ਭਾਜਪਾ ਤੇ ਪੰਜਾਬ ਦੀ ‘ਆਪ’ ਸਰਕਾਰ ਸਮੁੱਚੇ ਦਲਿਤ ਸਮਾਜ ਨੂੰ ਜਾਤੀ ਵੰਡੀਆਂ ਪਾ ਕੇ ਕਾਂਗਰਸ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਦੇਸ਼ ਦੇ ਅੰਦਰ ਦਲਿਤ ਸਮਾਜ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸ੍ਰੀ ਚੌਧਰੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਐੱਸ ਸੀ ਵਿੰਗ ਦੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਇਸ ਦੌਰਾਨ ਜਥੇਬੰਦੀ ਦੇ ਆਗੂ ਜੰਗ ਬਹਾਦਰ, ਪਰਮਿੰਦਰ ਸਿੰਘ ਸਮਾਣਾ, ਕਰਤਿੰਦਰਪਾਲ ਸਿੰਘ ਸਿੰਘਪੁਰਾ ਅਤੇ ਸੁਖਵਿੰਦਰ ਬਿੱਲੂ ਖੇੜਾ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਪੁੱਜੇ ਕਾਂਗਰਸ ਐੱਸ ਸੀ ਵਿੰਗ ਦੇ ਅਹੁਦੇਦਾਰਾਂ ਨੇ ਸ੍ਰੀ ਚੌਧਰੀ ਦਾ ਸਨਮਾਨ ਕੀਤਾ। ਇਸ ਮੌਕੇ ਸ੍ਰੀ ਚੌਧਰੀ ਨੇ ਦਲਿਤ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਇਨ੍ਹਾਂ ਦਾ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੱਲ ਕਰਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਦੇਸ਼ ਅੰਦਰ ਜਾਤ-ਪਾਤ ਤੇ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਆਲ ਇੰਡੀਆ ਐੱਸ ਸੀ ਵਿੰਗ ਦੇ ਚੇਅਰਮੈਨ ਰਾਜਿੰਦਰਪਾਲ ਗੌਤਮ ਦੇ ਹੁਕਮਾਂ ਅਨੁਸਾਰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਦਲਿਤ ਸਮਾਜ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਹਰ ਮੁਸ਼ਕਲ ਦੀ ਘੜੀ ਵਿੱਚ ਕਾਂਗਰਸ ਕਾਰਕੁਨਾਂ ਦੇ ਨਾਲ ਖੜ੍ਹੀ ਹੈ।
ਇਸ ਮੌਕੇ ਜੰਗ ਬਹਾਦਰ ਮੁਹਾਲੀ, ਪਰਮਿੰਦਰ ਸਿੰਘ ਸਮਾਣਾ, ਕਰਤਿੰਦਰਪਾਲ ਸਿੰਘ, ਸੁਖਵਿੰਦਰ ਬਿੱਲੂ ਖੇੜਾ ਫਗਵਾੜਾ, ਪਰਮਜੀਤ ਸਿੰਘ ਪਟਿਆਲਾ, ਹਰਬੰਸ ਸਿੰਘ ਜਲੰਧਰ, ਸੁਖਦੇਵ ਸਿੰਘ ਜਲੰਧਰ, ਸੋਖੀ ਰਾਮ ਨਵਾਂ ਸ਼ਹਿਰ, ਬਲਵਿੰਦਰ ਬਿੱਟੂ ਹੁਸ਼ਿਆਰਪੁਰ, ਦਲਜੀਤ ਸਿੰਘ ਮਾਲੇਰਕੋਟਲਾ, ਰਾਜੂ ਸਹੋਤਾ ਮੋਗਾ ਅਤੇ ਬਲਦੇਵ ਸਿੰਘ ਬਠਿੰਡਾ ਵੀ ਹਾਜ਼ਰ ਸਨ।
