ਸਮਰਾਲਾ ਦੇ ਪਿੰਡ ਮਾਣਕੀ ’ਚ ਬਾਈਕ ਸਵਾਰਾਂ ਵੱਲੋਂ ਤਿੰਨ ਦੋਸਤਾਂ ’ਤੇ ਫਾਇਰਿੰਗ; ਇਕ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ
ਖੰਨਾ ਦੇ ਐੱਸਪੀ (ਡੀ) ਪਵਨਜੀਤ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ 9 ਵਜੇ ਦੀ ਹੈ। ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਗੁਰਵਿੰਦਰ ਸਿੰਘ ਗਿੰਦਾ(21), ਧਰਮਪਾਲ ਸਿੰਘ ਧਰਮੂ ਤੇ ਲਵਪ੍ਰੀਤ ਸਿੰਘ ਮਾਣਕੀ ਪਿੰਡ ਦੇ ਪੁਲ ’ਤੇ ਖੜ੍ਹੇ ਸਨ। ਇਸ ਦੌਰਾਨ ਚਾਰ ਬਾਈਕ ਸਵਾਰ ਆਏ ਤੇ ਉਨ੍ਹਾਂ ਹਮਲਾ ਕਰਕ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ’ਤੇ ਗੋਲੀਆਂ ਚਲਾਈਆਂ। ਹਮਲੇ ਵਿਚ ਗੁਰਵਿੰਦਰ ਸਿੰਘ ਦੇ ਪੇਟ ਵਿਚ ਜਦੋਂਕਿ ਧਰਮਪਾਲ ਦੇ ਪੇਟ ਤੋਂ ਹੇਠਾਂ ਗੋਲੀ ਲੱਗੀ। ਹਮਲੇ ਮਗਰੋਂ ਬਾਈਕ ਸਵਾਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਐੱਸਪੀ ਨੇ ਕਿਹਾ ਕਿ ਮੌਕੇ ’ਤੇ ਪੁੱਜੀ ਸਮਰਾਲਾ ਪੁਲੀਸ ਨੇ ਦੋਵਾਂ ਜ਼ਖ਼ਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ ਰੈਫਰ ਕਰ ਦਿੱਤਾ ਗਿਆ। ਗੁਰਵਿੰਦਰ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਜਦੋਂਕਿ ਧਰਮਪਾਲ ਨੂੰ ਡਾਕਟਰਾਂ ਨੇ ਬਚਾਅ ਲਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾ ਬਾਈਕ ਸਵਾਰ ਹਮਲਾਵਰਾਂ ਨੂੰ ਸਮਰਾਲਾ ਦੇ ਪਿੰਡ ਦਿਆਲਕੇ ਦੇ ਸੰਦੀਪ ਨੇ ਭੇਜਿਆ ਸੀ। ਸੰਦੀਪ ਤੇ ਗੁਰਵਿੰਦਰ ਦੀ ਪੁਰਾਣੀ ਦੁਸ਼ਮਣੀ ਸੀ। ਜਦੋਂ ਹਮਲਾਵਰ ਪਹੁੰਚੇ ਤਾਂ ਉਨ੍ਹਾਂ ਨੇ ਸੰਦੀਪ ਦਾ ਨਾਮ ਲਿਆ ਅਤੇ ਪੀੜਤ ਗੁਰਵਿੰਦਰ ਨੂੰ ਦੱਸਿਆ ਕਿ ਉਸ ਨੂੰ ਸੰਦੀਪ ਨਾਲ ਦੁਸ਼ਮਣੀ ਰੱਖਣ ਦੇ ਨਤੀਜੇ ਭੁਗਤਣੇ ਪੈਣਗੇ। ਪੁਲੀਸ ਨੇ ਪੰਜ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ ਅਤੇ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਪੀ ਪਵਨਜੀਤ ਨੇ ਕਿਹਾ ਕਿ ਸਾਰੇ ਹਮਲਾਵਰ ਸਮਰਾਲਾ ਦੇ ਇੱਕ ਪਿੰਡ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਅਪਰਾਧਿਕ ਪਿਛੋਕੜ ਹੈ।
