ਬਿਹਾਰ ਜਾਣ ਵਾਲੇ ਯਾਤਰੀ ਜਲੰਧਰ ਸਟੇਸ਼ਨ ’ਤੇ ਖਹਿਬੜੇ
ਛੱਠ ਪੂਜਾ ਲਈ ਬਿਹਾਰ ਜਾਣ ਵਾਲੇ ਲੋਕ ਇੱਥੋਂ ਲੰਘਣ ਵਾਲੀਆਂ ਰੇਲਗੱਡੀਆਂ ’ਤੇ ਚੜ੍ਹਨ ਲਈ ਪੁੱਜ ਰਹੇ ਹਨ ਪਰ ਗੱਡੀਆਂ ਪਿੱਛੋਂ ਹੀ ਭਰੀਆਂ ਆ ਰਹੀਆਂ ਹਨ। ਅੰਮ੍ਰਿਤਸਰ ਤੋਂ ਆਉਣ ਵਾਲੀਆਂ ਰੇਲਗੱਡੀਆਂ ਵਿੱਚ ਭੀੜ ਹੋਣ ਕਾਰਨ ਪਹਿਲਾਂ ਤੋਂ ਸਵਾਰ ਯਾਤਰੀ ਅੰਦਰੋਂ ਦਰਵਾਜ਼ੇ ਬੰਦ ਕਰ ਲੈਂਦੇ ਹਨ। ਇਸ ਕਾਰਨ ਸਥਾਨਕ ਰੇਲਵੇ ਸਟੇਸ਼ਨ ’ਤੇ ਖੜ੍ਹੇ ਯਾਤਰੀ ਰੇਲਗੱਡੀ ਦੇ ਦਰਵਾਜ਼ੇ ਖੋਲ੍ਹਣ ਦਾ ਯਤਨ ਕਰਦੇ ਹਨ ਅਤੇ ਕਈ ਤਾਂ ਖਿੜਕੀਆਂ ਰਾਹੀਂ ਅੰਦਰ ਜਾਂਦੇ ਦਿਖਾਈ ਦੇ ਰਹੇ ਹਨ। ਇਸ ਕਾਰਨ ਯਾਤਰੀਆਂ ਆਪਸ ਵਿੱਚ ਖਹਿਬੜਦੇ ਵੀ ਹਨ। ਰੇਲ ਮੰਤਰਾਲੇ ਨੇ ਛੱਠ ਪੂਜਾ ਲਈ 12,000 ਰੇਲਗੱਡੀਆਂ ਚਲਾਉਣ ਦਾ ਦਾਅਵਾ ਕੀਤਾ ਹੈ ਪਰ ਜਲੰਧਰ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਵਿੱਚ ਜਗ੍ਹਾ ਦੀ ਕਮੀ ਆ ਰਹੀ ਹੈ। ਛੱਠ ਪੂਜਾ ’ਤੇ ਯਾਤਰੀਆਂ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਤੋਂ 10 ਵਿਸ਼ੇਸ਼ ਰੇਲਗੱਡੀਆਂ ਹਨ। ਇਹ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਰਵਾਨਾ ਹੋਣਗੀਆਂ। ਇਨ੍ਹਾਂ ਵਿੱਚੋਂ ਪੰਜ ਰੇਲਗੱਡੀਆਂ ਜਲੰਧਰ ਤੋਂ ਯਾਤਰੀਆਂ ਲਈ ਹਨ ਤਾਂ ਜੋ ਸਟੇਸ਼ਨਾਂ ’ਤੇ ਭੀੜ-ਭੜੱਕੇ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਯਾਤਰੀਆਂ ਦੇ ਬੈਠਣ ਲਈ ਰੇਲਵੇ ਵੱਲੋਂ ਸਟੇਸ਼ਨ ਦੇ ਬਾਹਰ ਅੱਠ ਹਜ਼ਾਰ ਵਰਗ ਫੁੱਟ ਦਾ ਟੈਂਟ ਲਗਾ ਕੇ ਅਸਥਾਈ ਉਡੀਕ ਖੇਤਰ ਤਿਆਰ ਕੀਤਾ ਗਿਆ ਹੈ।
ਰੇਲਵੇ ਨੇ ਦਰਵਾਜ਼ੇ ਨਾ ਖੋਲ੍ਹਣ ਦਾ ਨੋਟਿਸ ਲਿਆ
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਰੇਲਗੱਡੀ ਦੇ ਡੱਬਿਆਂ ਦੇ ਦਰਵਾਜ਼ੇ ਨਾ ਖੋਲ੍ਹਣ ਕਾਰਨ ਯਾਤਰੀ ਖ਼ੁਆਰ ਹੋ ਰਹੇ ਹਨ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਇਸ ਮਗਰੋਂ ਉੱਤਰੀ ਰੇਲਵੇ ਨੇ ਆਪਣੇ ‘ਐਕਸ’ ਹੈਂਡਲ ’ਤੇ ਲਿਖਿਆ ਕਿ ਅੱਜ ਜਲੰਧਰ ਸਿਟੀ ਸਟੇਸ਼ਨ ’ਤੇ ਟਰੇਨ ਨੰਬਰ 14618 ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਹ ਰੇਲਗੱਡੀ ਅੱਜ ਸਵੇਰੇ 8.15 ਵਜੇ ਜਲੰਧਰ ਸਿਟੀ ਸਟੇਸ਼ਨ ਤੋਂ ਲੰਘੀ। ਅੰਦਰ ਸਵਾਰ ਯਾਤਰੀਆਂ ਨੂੰ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਉਨ੍ਹਾਂ ਕੋਚ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਰੱਖੇ। ਇਸ ਕਾਰਨ ਲੋਕਾਂ ਨੂੰ ਰੇਲਗੱਡੀ ਵਿੱਚ ਚੜ੍ਹਨ ਲਈ ਪ੍ਰੇਸ਼ਾਨੀ ਹੋਈ ਸੀ। ਇਸ ਮਗਰੋਂ ਰੇਲਵੇ ਪੁਲੀਸ ਨੇ ਯਾਤਰੀਆਂ ਨੂੰ ਦਰਵਾਜ਼ੇ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ।
