ਭੂਸ਼ਨ ਸੂਦ ਤੇ ਰਾਜਨ ਮਾਨ ਆਈਜੇਯੂ ਦੇ ਕੌਮੀ ਕਾਰਜਕਾਰੀ ਮੈਂਬਰ ਬਣੇ
ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਦੀ ਦੋ ਰੋਜ਼ਾ ਕਾਨਫਰੰਸ ਰਾਜਸਥਾਨ ਦੇ ਜੈਪੁਰ ਵਿੱਚ ਹੋਈ। ਇਸ ਦੌਰਾਨ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਫਤਿਹਗੜ੍ਹ ਸਾਹਿਬ ਤੋਂ ਪੱਤਰਕਾਰ ਭੂਸ਼ਨ ਸੂਦ, ਅੰਮ੍ਰਿਤਸਰ ਤੋਂ ਰਾਜਨ ਮਾਨ ਅਤੇ ਬਠਿੰਡਾ ਤੋਂ ਸੁਖਨੈਬ ਸਿੰਘ ਸਿੱਧੂ ਨੂੰ ਕੌਮੀ ਕਾਰਜਕਾਰਨੀ ਦਾ ਮੈਂਬਰ ਚੁਣਿਆ ਗਿਆ। ਇਸ ਤੋਂ ਪਹਿਲਾਂ ਭੂਸ਼ਣ ਸੂਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਅਤੇ ਰਾਜਨ ਮਾਨ ਸੀਨੀਅਰ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਜਥੇਬੰਦੀ ਦੇ ਨਵੇਂ ਚੁਣੇ ਮੈਂਬਰਾਂ ਨੇ ਕਿਹਾ ਕਿ ਦੇਸ਼ ਵਿੱਚ ਪੱਤਰਕਾਰਾਂ ’ਤੇ ਵਧ ਰਹੇ ਹਮਲੇ ਚਿੰਤਾ ਦਾ ਵਿਸ਼ਾ ਹਨ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਈ ਜੇ ਯੂ ਨੇ ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਅਤੇ ਮੀਡੀਆ ਵਿੱਚ ਆਈਆਂ ਤਬਦੀਲੀਆਂ ਦੀ ਤਹਿ ਤੱਕ ਜਾਣ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਯੂਨੀਅਨ ਨੇ ਪ੍ਰਿੰਟ ਮੀਡੀਆ ਦੇ ਨਾਲ ਹੀ ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਨੂੰ ਪ੍ਰਤੀਨਿਧਤਾ ਦੇਣ ਲਈ ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਥਾਂ ਕੌਮੀ ਮੀਡੀਆ ਕੌਂਸਲ ਦੇ ਗਠਨ ਦੀ ਵੀ ਮੰਗ ਕੀਤੀ ਹੈ।