ਭਵਾਨੀਗੜ੍ਹ: ਓਵਰ ਬ੍ਰਿਜ ’ਤੇ ਸੰਤੁਲਨ ਵਿਗੜਨ ਕਾਰਨ ਕਾਰ ਪਲਟੀ, ਡੀਐੱਸਪੀ ਦੇ ਪੁੱਤਰ ਦੀ ਮੌਤ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਜੁਲਾਈ
ਇਥੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਫੱਗੂਵਾਲਾ ਕੈਂਚੀਆਂ ਵਿਖੇ ਬੀਤੀ ਅੱਧੀ ਰਾਤ ਡੇਢ ਕੁ ਵਜੇ ਓਵਰ ਬ੍ਰਿਜ ਉੱਤੇ ਟਾਇਰ ਫਟਣ ਕਾਰਨ ਵਰਨਾ ਕਾਰ ਪਲਟ ਗਈ। ਹਾਦਸੇ ਵਿਚ ਕਾਰ ਚਲਾ ਰਹੇ ਨੌਜਵਾਨ ਏਕਮਵੀਰ ਸਿੰਘ (22) ਪੁੱਤਰ ਸਤਨਾਮ ਸਿੰਘ (ਡੀਐੱਸਪੀ ਪਟਿਆਲਾ) ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਹਰਜੋਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫ਼ੋਨ ਆਇਆ ਕਿ ਫੱਗੂਵਾਲਾ ਕੈਂਚੀਆਂ ਵਿੱਚ ਸੜਕ ਹਾਦਸਾ ਹੋ ਗਿਆ। ਸੂਚਨਾ ਮਿਲਦਿਆਂ ਹੀ ਉਨ੍ਹਾਂ ਦੀ ਸਾਰੀ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ। ਉਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਭਵਾਨੀਗੜ੍ਹ ਪਹੁੰਚਾਇਆ। ਇਨ੍ਹਾਂ ਵਿੱਚੋਂ ਏਕਮਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਨੌਜਵਾਨ ਹਰਜੋਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਹਰਜੋਤ ਸਿੰਘ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਤ ਦੋ ਵਜੇ ਤੋਂ ਹੀ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਪਾਸੇ ਹਟਾਉਣ ਲਈ ਟੌਲ ਪਲਾਜ਼ਾ ਕਾਲਾਝਾੜ ਵਿਖੇ ਫੋਨ ਕੀਤਾ ਜਾ ਰਿਹਾ ਹੈ, ਪਰ ਸਵੇਰੇ 10 ਵਜੇ ਤੱਕ ਟੌਲ ਪਲਾਜ਼ਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।