ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਭਾਰਤ ਬੰਦ’: ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਦੀ ਹੜਤਾਲ

ਹੜਤਾਲ ਕਾਰਨ ਬੈਂਕਿੰਗ, ਬੀਮਾ, ਆਵਾਜਾਈ, ਬਿਜਲੀ, ਡਾਕ ਸੇਵਾਵਾਂ ਵੀ ਅਸਰਅੰਦਾਜ਼ ਹੋਣ ਦਾ ਖਦਸ਼ਾ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 9 ਜੁਲਾਈ

Advertisement

ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੈਟਫਾਰਮ ਵੱਲੋਂ ਨਿੱਜੀਕਰਨ ਅਤੇ ਚਾਰ ਨਵੇਂ ਕਿਰਤ ਕਾਨੂੰਨਾਂ ਖਿਲਾਫ਼ ਬੁੱਧਵਾਰ ਨੂੰ ‘ਭਾਰਤ ਬੰਦ’ ਦੇ ਸੱਦੇ ਤਹਿਤ ਪੰਜਾਬ ਵਿੱਚ ਦਿਨ ਚੜ੍ਹਦੇ ਹੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਬੱਸ ਅੱਡੇ ਤੋਂ ਅੱਜ ਸਵੇਰੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀ ਕੋਈ ਵੀ ਬੱਸ ਕਿਸੇ ਵੀ ਰੂਟ ਉੱਤੇ ਨਹੀਂ ਗਈ। ਹਾਲਾਂਕਿ ਸਰਕਾਰੀ ਬੱਸਾਂ ਦੀ ਹੜਤਾਲ ਦਾ ਲਾਹਾ ਲੈ ਕੇ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਦੀ ਸੇਵਾ ਕਰਦੇ ਵੇਖੇ ਗਏ।

ਪੀਆਰਟੀਸੀ ਦੇ ਇੱਕ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸੇਵਾ ਲਈ ਕਾਰਪੋਰੇਸ਼ਨ ਦੇ ਪੱਕੇ ਮੁਲਾਜ਼ਮ ਬੱਸ ਸੇਵਾ ਬਹਾਲ ਰੱਖਣ ਦਾ ਉਪਰਾਲਾ ਕਰਨਗੇ, ਹਾਲਾਂਕਿ ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੈ। ਉਂਝ ਇਸ ਹੜਤਾਲ ਕਾਰਨ ਬੈਂਕਿੰਗ, ਬੀਮਾ, ਆਵਾਜਾਈ, ਬਿਜਲੀ, ਡਾਕ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਪੰਜਾਬ ਵਿਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੀਆ ਵੱਖ ਵੱਖ ਜਥੇਬੰਦੀਆਂ ਇਸ ਹੜਤਾਲ ਦਾ ਪਹਿਲਾਂ ਹੀ ਸਮਰਥਨ ਕਰਨ ਦਾ ਐਲਾਨ ਕਰ ਚੁੱਕੀਆਂ ਹਨ।

ਸਿਰਸਾ ਵਿਚ ਬਿਜਲੀ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ, ਪ੍ਰਦਰਸ਼ਨ ਜਾਰੀ

 

ਪ੍ਰਭੂ ਦਿਆਲ, ਸਿਰਸਾ

ਟਰੇਡ ਯੂਨੀਅਨਾਂ ਦੇ ਸੱਦੇ ’ਤੇ ਦੇਸ਼ ਵਿਆਪੀ ਹੜਤਾਲ ਦੌਰਾਨ ਜਿੱਥੇ ਰੋਡਵੇਜ਼ ਦਾ ਚੱਕਾ ਜਾਮ ਕੀਤਾ ਗਿਆ ਹੈ, ਉੱਥੇ ਹੀ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਮੁਕੰਮਲ ਹੜਤਾਲ ਕੀਤੀ ਗਈ ਹੈ। ਬੈਂਕ ਤੇ ਐੱਲਆਈਸੀ ਦੇ ਦਫ਼ਤਰ ਦੇ ਬਾਹਰ ਵੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਹਨ। ਰੋਡਵੇਜ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਕੇ ਬੱਸ ਅੱਡੇ ਦੇ ਮੁੱਖ ਗੇਟ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਬਿਜਲੀ ਮੁਲਾਜ਼ਮਾਂ ਵੱਲੋਂ ਬਰਨਾਲਾ ਰੋਡ ਸਥਿਤ ਬਿਜਲੀ ਘਰ ਦੇ ਬਾਹਰ ਧਰਨਾ ਲਾ ਕੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਹੜਤਾਲ ਵਿੱਚ ਮੁਲਾਜ਼ਮਾਂ ਤੋਂ ਇਲਾਵਾ ਕਿਸਾਨ, ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਵੀ ਸ਼ਿਰਕਤ ਮੌਜੂਦ ਸਨ।
‘ਭਾਰਤ ਬੰਦ’ ਦੇ ਸੱਦੇ ਤਹਿਤ ਬਠਿੰਡਾ ’ਚ ਧਰਨੇ-ਪ੍ਰਦਰਸ਼ਨ
ਬੰਦ ਦੇ ਸੱਦੇ ਤਹਿਤ ਬਠਿੰਡਾ ’ਚ ਆਂਗਨਵਾੜੀ ਵਰਕਰਜ਼ ਧਰਨਾ ਦਿੰਦੀਆਂ ਹੋਈਆਂ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ, ਬਠਿੰਡਾ

ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਨੇ ਨਿੱਜੀਕਰਨ ਅਤੇ ਚਾਰ ਨਵੇਂ ਕਿਰਤ ਕਾਨੂੰਨਾਂ ਖਿਲਾਫ਼ ਅੱਜ ਬੁੱਧਵਾਰ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਪੰਜਾਬ ਵਿੱਚ ਦਿਨ ਚੜ੍ਹਦੇ ਹੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਨਾਲ ਹੀ ਆਂਗਨਵਾੜੀ ਯੂਨੀਅਨ ਸੀਟੂ ਵੱਲੋਂ ਵੀ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਜਾਰੀ ਰੱਖੀ ਗਈ। ਗੌਰਤਲਬ ਹੈ ਕਿ ਸਿਹਤ ਵਿਭਾਗ ਮੁਲਾਜ਼ਮਾਂ ਸਣੇ ਹੋਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਇਸ ਹੜਤਾਲ ਦਾ ਪਹਿਲਾਂ ਹੀ ਸਮਰਥਨ ਕਰਨ ਦਾ ਐਲਾਨ ਕਰ ਚੁੱਕੀਆਂ ਹਨ।

ਬੁੱਧਵਾਰ ਨੂੰ ਦੇਸ਼ ਵਿਆਪੀ ਆਮ ਹੜਤਾਲ ਦੌਰਾਨ ਪਟਿਆਲਾ ਵਿੱਚ ਪੰਜਾਬ ਬੈਂਕ ਐਂਪਲਾਈਜ਼ ਫੈਡਰੇਸ਼ਨ ਸਣੇ ਵੱਖ-ਵੱਖ ਟਰੇਡ ਯੂਨੀਅਨਾਂ ਦੇ ਮੈਂਬਰ ਆਪਣੀਆਂ ਮੰਗਾਂ ਦੇ ਹੱਕ ’ਚ ਕੇਂਦਰ ਸਰਕਾਰ ਵਿਰੁੱਧ ਮੁਜ਼ਾਹਰਾ ਕਰਦੇ ਹੋਏ। ਫੋਟੋ: ਰਾਜੇਸ਼ ਸੱਚਰ
ਟਰੇਡ ਯੂਨੀਅਨਾਂ ਦੇ ਸੱਦੇ ’ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ

ਮੇਜਰ ਸਿੰਘ ਮੱਟਰਾਂ, ਭਵਾਨੀਗੜ੍ਹ

ਕੌਮੀ ਪੱਧਰ ਦੀਆਂ ਟਰੇਡ ਯੂਨੀਅਨਾਂ ਦੇ ‘ਭਾਰਤ ਬੰਦ’ ਦੇ ਸੱਦੇ ’ਤੇ ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੈਲੀਆਂ ਤੇ ਰੋਸ ਮੁਜ਼ਾਹਰੇ ਕੀਤੇ। ਇਨ੍ਹਾਂ ਮੁਜ਼ਾਹਰਿਆਂ ਵਿਚ ਜਥੇਬੰਦੀਆਂ ਦੇ ਮੈਂਬਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

ਭਵਾਨੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੈਨਸ਼ਨਰ।

ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਸੁਖਦੇਵ ਸਿੰਘ ਭਵਾਨੀਗੜ੍ਹ, ਚਰਨ ਸਿੰਘ ਚੋਪੜਾ, ਭਾਕਿਯੂ ਬੁਰਜਗਿੱਲ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਦਲ ਦੇ ਪ੍ਰਧਾਨ ਰਾਮ ਸਿੰਘ ਮੱਟਰਾਂ, ਬਿਲਡਿੰਗ ਉਸਾਰੀ ਲੇਬਰ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਸੱਗੂ ਆਦਿ ਆਗੂਆਂ ਨੇ ਮੁਜ਼ਾਹਰਿਆਂ ਦੀ ਅਗਵਾਈ ਕੀਤੀ।

ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਦਿਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਤੇਜ਼ ਕੀਤੇ ਜਾਣਗੇ।

ਡੀਸੀ ਦਫ਼ਤਰ ਅੱਗੇ ਕੇਂਦਰੀ ਨੀਤੀਆਂ ਖ਼ਿਲਾਫ਼ ਗਰਜੇ ਮਜ਼ਦੂਰ-ਮੁਲਾਜ਼ਮ

ਪਰਸ਼ੋਤਮ ਬੱਲੀ, ਬਰਨਾਲਾ

ਦੇਸ਼ ਭਰ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਦੀਆਂ ਫੈਡਰੇਸ਼ਨਾਂ ਦੇ ਸੱਦੇ 'ਤੇ ਬਰਨਾਲਾ ਜ਼ਿਲ੍ਹੇ ਦੀਆਂ ਚਾਰ ਟਰੇਡ ਯੂਨੀਅਨਾਂ - ਸੀਟੂ, ਏਕਟ, ਏਕਟੂ ਅਤੇ ਸੀਟੀਯੂ ਪੰਜਾਬ ਦੀ ਅਗਵਾਈ ਵਿੱਚ ਸਥਾਨਕ ਡੀਸੀ ਦਫ਼ਤਰ ਵਿਖੇ ਭਰਵੀਂ ਰੈਲੀ ਕੀਤੀ ਗਈ। ਬੁਲਾਰਿਆਂ 'ਚ ਸ਼ਾਮਲ ਟਰੇਡ ਯੂਨੀਅਨਾਂ ਆਗੂ ਸ਼ੇਰ ਸਿੰਘ ਫਰਵਾਹੀ, ਖੁਸ਼ੀਆ ਸਿੰਘ, ਗੁਰਪ੍ਰੀਤ ਰੂੜੇਕੇ, ਭੋਲਾ ਸਿੰਘ ਕਲਾਲ ਮਾਜਰਾ ਤੋਂ ਇਲਾਵਾ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ

ਕਿਹਾ ਕਿ ਭਾਜਪਾ ਦੀ ਕੇਂਦਰੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਸਿੱਟੇ ਵਜੋਂ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ ਤੇ ਭੁੱਖਮਰੀ 'ਚ ਵਾਧਾ ਹੋਇਆ ਹੈ।

ਬਰਨਾਲਾ ਡੀਸੀ ਦਫ਼ਤਰ ਵਿਖੇ ਰੈਲੀ ਦਾ ਦ੍ਰਿਸ਼।

ਉਨ੍ਹਾਂ ਕਿਹਾ ਕਿ ਸਰਕਾਰੀ ਪਬਲਿਕ ਅਦਾਰਿਆਂ ਨੂੰ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਦੇ ਖ਼ਿਲਾਫ਼ ਅੱਜ ਦੇਸ਼ ਭਰ ਵਿੱਚ ਕਿਰਤੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਹਨ। ਇਸ ਮੌਕੇ ਮਨਜੀਤ ਰਾਜ, ਦਰਸ਼ਨ ਸਿੰਘ ਮਹਿਤਾ, ਕਰਮਜੀਤ ਬੀਹਲਾ, ਜਗਰਾਜ ਸਿੰਘ, ਹਰਦਾਸਪੁਰ, ਲਾਭ ਸਿੰਘ , ਛੋਟਾ ਸਿੰਘ ਧਨੌਲਾ, ਸੰਦੀਪ ਕੌਰ, ਬਲੌਰ ਸਿੰਘ ਛੰਨਾ, ਪਵਿੱਤਰ ਲਾਲੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਇਸ ਤੋਂ ਇਲਾਵਾ ਸਥਾਨਕ ਧਨੌਲਾ ਰੋਡ ਸਥਿਤ ਪਾਵਰਕਾਮ ਦਫ਼ਤਰ ਵਿਖੇ ਬਿਜਲੀ ਮੁਲਾਜ਼ਮਾਂ ਰੈਲੀ ਕਰਕੇ ਹੜਤਾਲ ਦੇ ਸੱਦੇ ਨੂੰ ਸਮਰਥਨ ਦਿੱਤਾ। ਬਿਜਲੀ ਮੁਲਾਜ਼ਮ ਏਕਤਾ ਮੰਚ, ਜੁਆਇੰਟ ਫ਼ੋਰਮ ਤੇ ਗਰਿੱਡ ਸਬ ਸਟੇਸ਼ਨ ਐਂਪਲਾਈਜ਼ ਯੂਨੀਅਨ ਵੱਲੋਂ ਰਣਜੀਤ ਚੀਮਾ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ। ਇਸ ਦੌਰਾਨ ਇੰਜ: ਗੁਰਲਾਭ ਸਿੰਘ, ਹਰਬੰਸ ਸਿੰਘ ਦਿਦਾਰਗੜ੍ਹ, ਸੁਖਦੇਵ ਸਿੰਘ ਝਲੂਰ, ਹਾਕਮ ਸਿੰਘ ਨੂਰ, ਨਰਾਇਣ ਦੱਤ, ਸੁਖਜੰਟ ਸਿੰਘ, ਕੁਲਵੰਤ ਸਿੰਘ ਤੇ ਹਰਭੋਲ ਸਿੰਘ ਆਦਿ ਆਗੂਆਂ ਸੰਬੋਧਨ ਕੀਤਾ।

 

 

Advertisement