ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੈਣੀ ਝੂਠਾ ਮੁਕਾਬਲਾ: ਹਾਈ ਕੋਰਟ ਵੱਲੋਂ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਰੱਦ

34 ਸਾਲ ਪਹਿਲਾਂ ਵਾਪਰੀ ਸੀ ਘਟਨਾ; ਕੇਸ ਮੁਡ਼ ਚਲਾਉਣ ਦੇ ਹੁਕਮ
Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 21 ਮਈ 1991 ਨੂੰ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਭੈਣੀ ਵਿੱਚ ਬਣਾਏ ਫਰਜ਼ੀ ਪੁਲੀਸ ਮੁਕਾਬਲੇ ਦੇ ਕੇਸ ਦੀ ਪੜਤਾਲ ਉਪਰੰਤ ਸੀ ਬੀ ਆਈ ਵੱਲੋਂ ਮੁਹਾਲੀ ਕੋਰਟ ਵਿੱਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਇਹ ਪੁਲੀਸ ਮੁਕਾਬਲਾ ਉਦੋਂ ਹੋਇਆ ਸੀ, ਜਦੋਂ ਪੁਲੀਸ ਪਿੰਡ ਭੈਣੀ ਨਜ਼ਦੀਕ ਫਾਰਮ ਹਾਊਸ ’ਤੇ ਲੁਕੇ ਮਸ਼ਕੂਕ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਫਾਰਮ ਹਾਊਸ ਦੇ ਮਾਲਕ ਜ਼ਿਲ੍ਹਾ ਸੈਸ਼ਨ ਕੋਰਟ ਫ਼ਿਰੋਜ਼ਪੁਰ ਦੇ ਸਾਬਕਾ ਐਡੀਸ਼ਨਲ ਐਂਡ ਜ਼ਿਲ੍ਹਾ ਜੱਜ ਐੱਸ ਕੇ ਕੌਲਧਰ ਸਨ। ਉਨ੍ਹਾਂ ਆਪਣੇ ਰਿਸ਼ਤੇਦਾਰ ਜਗਦੀਸ਼ ਸਿੰਘ ਨੂੰ ਫਾਰਮ ਦੀ ਦੇਖ-ਭਾਲ ਲਈ ਰੱਖਿਆ ਹੋਇਆ ਸੀ ਜੋ ਉਸ ਵੇਲੇ ਲੋਕ ਨਿਰਮਾਣ ਵਿਭਾਗ ਵਿੱਚ ਨੌਕਰੀ ਕਰਦਾ ਸੀ। ਫਾਰਮ ਹਾਊਸ ਦੇ ਛੋਟੇ ਜਿਹੇ ਕਮਰੇ ’ਚ ਜਗਦੀਸ਼ ਸਿੰਘ ਆਪਣੀ ਮਾਤਾ ਸੁਰਜੀਤ ਕੌਰ (65), ਪਤਨੀ ਬਲਜਿੰਦਰ ਕੌਰ (35) ਅਤੇ ਧੀ (3) ਅਤੇ ਤਿੰਨ ਮਹੀਨਿਆਂ ਦੇ ਬੱਚੇ ਨਾਲ ਰਹਿੰਦਾ ਸੀ। ਥਾਣਾ ਨੂਰਪੁਰ ਬੇਦੀ ਦੇ ਉਸ ਵੇਲੇ ਦੇ ਇੰਸਪੈਕਟਰ ਪ੍ਰੀਤਮ ਸਿੰਘ, ਸਬ-ਇੰਸਪੈਕਟਰ ਬਲਵੰਤ ਸਿੰਘ ਅਤੇ ਹੌਲਦਾਰ ਯਸ਼ਪਾਲ ਪੁਲੀਸ ਪਾਰਟੀ ਸਣੇ ਫਾਰਮ ਹਾਊਸ ’ਤੇ ਗਏ ਸਨ। ਇਸ ਦੌਰਾਨ ਖਾੜਕੂਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਹੌਲਦਾਰ ਯਸ਼ਪਾਲ ਦੀ ਮੌਕੇ ’ਤੇ ਮੌਤ ਹੋ ਗਈ ਸੀ ਜਦੋਂਕਿ ਇੰਸਪੈਕਟਰ ਪ੍ਰੀਤਮ ਸਿੰਘ ਜ਼ਖ਼ਮੀ ਹੋ ਗਿਆ ਸੀ। ਇਸ ਘਟਨਾ ਮਗਰੋਂ ਪੁਲੀਸ ਤੇ ਕੇਂਦਰੀ ਸੁਰੱਖਿਆ ਬਲਾਂ ਨੇ ਫਾਰਮ ਹਾਊਸ ਨੂੰ ਘੇਰ ਲਿਆ ਤੇ ਉੱਥੇ ਮੌਜੂਦ ਜਗਦੀਸ਼ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਮਾਰ ਕੇ ਘਰ ਨੂੰ ਅੱਗ ਲਾ ਦਿੱਤੀ।

ਫਾਰਮ ਹਾਊਸ ਦੇ ਮਾਲਕ ਸਦਕਾ ਪਾਈ ਗਈ ਸੀ ਪਟੀਸ਼ਨ

ਫਾਰਮ ਹਾਊਸ ਦੇ ਮਾਲਕ ਦੇ ਯਤਨ ਤਹਿਤ ਇਸ ਕੇਸ ਦੀ ਪੜਤਾਲ ਕਰਾਉਣ ਲਈ ਪਟੀਸ਼ਨ ਦਸੰਬਰ 1991 ਵਿੱਚ ਦਾਇਰ ਕੀਤੀ ਗਈ। ਇਸ ਤਹਿਤ ਕੇਸ ਦੀ ਪੜਤਾਲ ਲੰਬੇ ਅਰਸੇ ਤੋਂ ਸੀ ਬੀ ਆਈ ਕੋਲ ਸੀ। ਮਗਰੋਂ ਸੀ ਬੀ ਆਈ ਨੇ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ। ਇਸ ਦੇ ਵਿਰੋਧ ’ਚ ਮ੍ਰਿਤਕ ਜਗਦੀਸ਼ ਸਿੰਘ ਦੇ ਪਰਿਵਾਰ ਨੇ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੰਦਿਆਂ ਕੇਸ ਮੁੜ ਚਲਾਉਣ ਦੀ ਅਪੀਲ ਕੀਤੀ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਰੱਦ ਕਰਦਿਆਂ ਸੀ ਬੀ ਆਈ ਦੀ ਮੁਹਾਲੀ ਅਦਾਲਤ ਨੂੰ ਮੁੜ ਕੇਸ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਇਹ ਕੇਸ ਮੁੜ ਸੁਣਵਾਈ ’ਤੇ ਲੱਗ ਗਿਆ ਹੈ ਅਤੇ ਤਤਕਾਲੀ ਪੁਲੀਸ ਅਧਿਕਾਰੀਆਂ ਨੂੰ ਪਹਿਲੀ ਨਵੰਬਰ 2025 ਨੂੰ ਪੇਸ਼ ਹੋਣ ਦੇ ਹੁਕਮ ਸੀ ਬੀ ਆਈ ਦੀ ਮੁਹਾਲੀ ਕੋਰਟ ਵੱਲੋਂ ਜਾਰੀ ਕੀਤੇ ਗਏ ਹਨ।

Advertisement

Advertisement
Show comments