ਦਿੱਲੀ ਦੇ ਆਗੂਆਂ ਦੀ ਥਾਂ ਪੰਜਾਬ ਦਾ ਸਾਥ ਦੇਣ ਭਗਵੰਤ ਮਾਨ: ਪਠਾਣਮਾਜਰਾ
ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਲਗਾਤਾਰ ਹਲਕੇ ਦੀਆਂ ਮੁਸ਼ਕਲਾਂ ਦੱਸਦੇ ਆ ਰਹੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਆਈ ਏ ਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਲੋਕਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਸ੍ਰੀ ਪਠਾਣਮਾਜਰਾ ਨੇ ਕਿਹਾ ਕਿ ਸਾਰੇ ਅਧਿਕਾਰੀ ਮਾੜੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਘੱਗਰ ’ਚੋਂ ਮਿੱਟੀ ਚੁਕਵਾਉਣਾ ਜ਼ਰੂਰੀ ਹੈ ਪਰ ਜਦੋਂ ਵੀ ਕੋਈ ਘੱਗਰ ’ਚੋਂ ਮਿੱਟੀ ਚੁੱਕਦਾ ਤਾਂ ਕ੍ਰਿਸ਼ਨ ਕੁਮਾਰ ਸੈਟੇਲਾਈਟ ’ਤੇ ਦੇਖ ਕੇ ਸਿੱਧਾ ਹੀ ਕੇਸ ਦਰਜ ਕਰਵਾ ਦਿੰਦੇ ਹਨ। ਵਿਧਾਇਕ ਨੇ ਕਿਹਾ ਕਿ ਹੜ੍ਹਾਂ ਦਾ ਖ਼ਤਰਾ ਖੜ੍ਹਾ ਹੋਣ ’ਤੇ ਜਦੋਂ ਉਨ੍ਹਾਂ ਕ੍ਰਿਸ਼ਨ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਉਨ੍ਹਾਂ ਦੀ ਕੀ ਕਸੂਰ ਹੈ। ਵਿਧਾਇਕ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਕਿਸਾਨਾਂ ਨੂੰ ਨਾ ਹੀ ਖੇਤ ਉੱਚੇ ਕਰਨ ਦਿੰਦੇ ਹਨ ਅਤੇ ਨਾ ਹੀ ਘੱਗਰ ’ਚੋਂ ਮਿੱਟੀ ਚੁੱਕਣ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਘੱਗਰ ’ਚੋਂ ਮਿੱਟੀ ਚੁੱਕ ਕੇ ਡੂੰਘਾ ਕਰ ਦਿੰਦੇ ਸਨ ਪਰ ਇਸ ਤੋਂ ਰੋਕਣ ਕਾਰਨ ਸਾਲ 2023 ਤੋਂ ਬਾਅਦ ਦੁਬਾਰਾ ਹੜ੍ਹਾਂ ਕਾਰਨ ਇਲਾਕੇ ਦਾ ਨੁਕਸਾਨ ਹੋ ਰਿਹਾ ਹੈ। ਸ੍ਰੀ ਪਠਾਣਮਾਜਰਾ ਨੇ ਕਿਹਾ ਕਿ ਜੇ ਇਸ ਮੁੱਦੇ ਨੂੰ ਚੁੱਕਣ ’ਤੇ ਪਾਰਟੀ ਉਨ੍ਹਾਂ ਨੂੰ ਕੱਢਣਾ ਚਾਹੁੰਦੀ ਹੈ ਤਾਂ ਕੱਢ ਦੇਵੇ।
ਅਧਿਕਾਰੀ ਨੇ ਨਾ ਦਿੱਤਾ ਸਪਸ਼ਟ ਜਵਾਬ
ਆਈ ਏ ਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਦਾ ਪੱਖ ਜਾਣਨ ਲਈ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰੁੱਝੇ ਹੋਏ ਹਨ। ਉਨ੍ਹਾਂ ਨੂੰ ਜਦੋਂ ਵਿਧਾਇਕ ਪਠਾਣਮਾਜਰਾ ਵੱਲੋਂ ਲਾਏ ਦੋਸ਼ਾਂ ਬਾਰੇ ਦੁਬਾਰਾ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਇਸ ਮਗਰੋਂ ਉਨ੍ਹਾਂ ਫੋਨ ਕੱਟ ਦਿੱਤਾ।