ਭਗਵੰਤ ਮਾਨ ਨੇ ਅਪਰੇਸ਼ਨ ਸਿੰਧੂਰ ਦਾ ਮਜ਼ਾਕ ਉਡਾਇਆ: ਜਾਖੜ
ਗੁਰਿੰਦਰ ਸਿੰਘ
ਲੁਧਿਆਣਾ, 4 ਜੂਨ
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਦੀਆਂ ਵਿਧਵਾਵਾਂ ਦਾ ਅਪਮਾਨ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਖ਼ਾਤਰ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ, ‘‘ਭਗਵੰਤ ਮਾਨ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਅਤਿਵਾਦੀਆਂ ਵੱਲੋਂ ਹਿੰਦੂਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਮਾਰਨ ਦੇ ਜਵਾਬ ਵਿੱਚ ਸੀ, ਕਿਉਂਕਿ ਸਿੰਧੂਰ ਔਰਤਾਂ ਦੀ ਪਛਾਣ ਲਈ ਵਰਤਿਆ ਜਾਣ ਵਾਲਾ ਨਿਸ਼ਾਨ ਹੈ ਪਰ ਭਗਵੰਤ ਮਾਨ ਨੇ ਅਜਿਹਾ ਬੇਤੁੱਕਾ ਬਿਆਨ ਦੇਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।’’ ਉਨ੍ਹਾਂ ਕਿਹਾ, ‘‘ਭਗਵੰਤ ਮਾਨ ‘ਅਪਰੇਸ਼ਨ ਸਿੰਧੂਰ’ ਦਾ ਮਜ਼ਾਕ ਉਡਾਉਂਦੇ ਹੋਏ ਸਵਾਲ ਪੁੱਛਦੇ ਹਨ ਕੀ ਤੁਸੀਂ ਮੋਦੀ ਦੇ ਨਾਮ ’ਤੇ ਸਿੰਧੂਰ ਲਗਾਉਗੇ, ਕੀ ਇਹ ਇੱਕ ਰਾਸ਼ਟਰ, ਇੱਕ ਪਤੀ ਹੈ?’’
ਸ੍ਰੀ ਜਾਖੜ ਨੇ ਉਨ੍ਹਾਂ ’ਤੇ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ ਜੋ ਵਿਅਕਤੀ ਭਾਰਤੀ ਫ਼ੌਜ ਦਾ ਮਜ਼ਾਕ ਉਡਾਉਂਦਾ ਹੈ, ਬਹਾਦਰ ਔਰਤਾਂ ਦਾ ਅਪਮਾਨ ਕਰਦਾ ਹੈ, ਹਰ ਪਵਿੱਤਰ ਚਿੰਨ੍ਹ ਦਾ ਮਜ਼ਾਕ ਉਡਾਉਂਦਾ ਹੈ, ਉਹ ਕਦੇ ਵੀ ਸਿੰਧੂਰ ਦੀ ਕੀਮਤ ਨਹੀਂ ਸਮਝੇਗਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਅਨਿਲ ਸਰੀਨ, ਦਿਆਲ ਸਿੰਘ ਸੋਢੀ, ਪਰਮਿੰਦਰ ਸਿੰਘ ਬਰਾੜ, ਅਰਵਿੰਦ ਖੰਨਾ ਅਤੇ ਡਾ. ਸਤੀਸ਼ ਕੁਮਾਰ ਆਦਿ ਵੀ ਹਾਜ਼ਰ ਸਨ।