ਭਗਵੰਤ ਮਾਨ ਨੇ ਸੜਕਾਂ ਦਾ ਨਿਰੀਖਣ ਕੀਤਾ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ-ਸਰਹਿੰਦ ਅਤੇ ਰੀਠਖੇੜੀ ਤੱਕ ਬਣ ਰਹੀਆਂ ਨਵੀਂ ਸੜਕ ਦਾ ਨਿਰੀਖਣ ਕੀਤਾ ਅਤੇ ਨਿਰਧਾਰਤ ਮਾਪਦੰਡਾਂ ਤੋਂ ਸਮੱਗਰੀ ਘੱਟ ਨਿਕਲਣ ’ਤੇ ਸਬੰਧਤ ਠੇਕੇਦਾਰ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਭਵਿੱਖ ’ਚ ਪੰਜਾਬ ਦੀਆਂ ਹੋਰ ਸੜਕਾਂ ਦਾ ਨਿਰੀਖਣ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਜੇ ਕਿਸੇ ਸੜਕ ’ਚ ਕੋਈ ਕਮੀ-ਪੇਸ਼ੀ ਹੈ ਤਾਂ ਠੇਕੇਦਾਰਾਂ ਕੋਲ ਸਮਾਂ ਹੈ ਕਿ ਉਹ ਅਜਿਹੀਆਂ ਕਮੀਆਂ ਨੂੰ ਦਰੁਸਤ ਕਰ ਲੈਣ ਕਿਉਂਕਿ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਪਿੰਡ ਰੁੜਕੀ ਤੋਂ ਰਿਉਣਾ ਤੱਕ ਸੜਕ ਦਾ ਨਿਰੀਖਣ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਦਾ ਉਦੇਸ਼ ਸੂਬੇ ਵਿੱਚ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਕਰਨਾ ਹੈ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਤੇ ਹੋਰ ਆਗੂ ਹਾਜ਼ਰ ਸਨ।
ਪਟਿਆਲਾ ਤੋਂ ਦਸ ਕਿਲੋਮੀਟਰ ਦੂਰ ਸਰਹਿੰਦ ਰੋਡ ਤੋਂ ਪਿੰਡ ਰੀਠਖੇੜੀ ਨੂੰ ਜਾਂਦੀ ਸੜਕ ’ਚ ਸਮੱਗਰੀ ਘੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ-ਸਰਹਿੰਦ ਰੋਡ ਤੋਂ ਪਿੰਡ ਰੀਠਖੇੜੀ ਨੂੰ ਜਾਂਦੀ ਪੌਣੇ ਦੋ ਕਿਲੋਮੀਟਰ ਇਹ ਸੜਕ 33.83 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਇਹ ਸੜਕ ਕਈ ਸਾਲਾਂ ਤੋਂ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਰੀਠਖੇੜੀ ਤੋਂ ਇਲਾਵਾ ਹੋਰ ਪਿੰਡਾਂ ਨੂੰ ਵੀ ਲੱਗਦੀ ਹੈ। ਇਸੇ ਸੜਕ ’ਤੇ ਏਸ਼ੀਅਨ ਕਾਲਜ ਅਤੇ ਅਕਾਲ ਅਕੈਡਮੀ ਰੀਠਖੇੜੀ ਵੀ ਸਥਿਤ ਹੈ।
ਜਾਣਕਾਰੀ ਅਨੁਸਾਰ ਅੱਜ ਜਦੋਂ ਮੁੱਖ ਮੰਤਰੀ ਨੇ ਪਿੰਡ ਰੀਠਖੇੜੀ ਨੂੰ ਜਾਂਦੀ ਸੜਕ ਦਾ ਨਿਰੀਖਣ ਕੀਤਾ ਤਾਂ ਜਾਂਚ ਲਈ ਵਰਤੇ ਜਾਂਦੇ ਵਿਸ਼ੇਸ਼ ਸਾਂਚੇ ਨਾਲ ਇੱਕ ਥਾਂ ਤੋਂ ਸਮੱਗਰੀ ਪੁੱਟੀ ਗਈ। ਇਸ ਥੋੜ੍ਹੀ ਜਿਹੀ ਥਾਂ ਤੋਂ ਹੀ 700 ਗਰਾਮ ਸਮੱਗਰੀ ਘੱਟ ਨਿਕਲੀ। ਇਸ ਦੌਰਾਨ ਮੁੱਖ ਮੰਤਰੀ ਨੇ ਤੁਰੰਤ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਸਬੰਧਤ ਠੇਕੇਦਾਰ ਦੀ ਅਦਾਇਗੀ ਰੋਕ ਕੇ ਉਸ ਵੱਲੋਂ ਬਣਾਈਆਂ ਗਈਆਂ ਜਾਂ ਬਣਾਈਆਂ ਜਾ ਰਹੀਆਂ ਹੋਰ ਸੜਕਾਂ ਦੀ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ। ਨਾਲ ਹੀ ਉਸ ਨੂੰ ਕਿਸੇ ਵੀ ਹੋਰ ਸੜਕ ਦਾ ਠੇਕਾ ਨਾ ਦੇਣ ਦੀ ਤਾਕੀਦ ਵੀ ਕੀਤੀ। ਇਸ ਸੜਕ ਦੇ ਨਿਰਮਾਣ ਵਿੱਚ ਵਰਤੀ ਗਈ ਸਮੱਗਰੀ ਦੇ ਨਮੂਨੇ ਵੀ ਇਕੱਠੇ ਕੀਤੇ ਗਏ ਜੋ ਜਾਂਚ ਲਈ ਲੈਬ ਨੂੰ ਭੇਜੇ ਜਾਣਗੇ। ਰੀਠਖੇੜੀ ਵਾਲੀ ਸੜਕ ਦੀ ਜਾਂਚ ਦੌਰਾਨ ਇਸੇ ਸੜਕ ’ਤੇ ਸਥਿਤ ਏਸ਼ੀਅਨ ਗਰੁੱਪ ਆਫ਼ ਕਾਲਜ ਦੇ ਮਾਲਕ ਅਤੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੇ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ। ਰੀਠਖੇੜੀ ਪਿੰਡ ਦੇ ਨੌਜਵਾਨ ਸਰਪੰਚ ਜ਼ੈਲਦਾਰ ਦੀਦਾਰ ਸਿੰਘ ਦਾਰੀ ਨੇ ਵੀ ਮੁੱਖ ਮੰਤਰੀ ਦਾ ਸਵਾਗਤ ਕੀਤਾ।
ਇਸ ਮਗਰੋਂ ਮੁੱਖ ਮੰਤਰੀ ਨੇ 66.49 ਕਰੋੜ ਦੀ ਲਾਗਤ ਨਾਲ ਬਣ ਰਹੀ 28 ਕਿਲੋਮੀਟਰ ਲੰਬੀ ਪਟਿਆਲਾ-ਸਰਹਿੰਦ ਤੱਕ ਸੜਕ ਦਾ ਨਿਰੀਖਣ ਕੀਤਾ। ਬਾਰਨ ਪਿੰਡ ਦੇ ਕੋਲੋਂ ਇਸ ਸੜਕ ਨੂੰ ਪੁਟਵਾਇਆ ਗਿਆ ਪਰ ਇਥੇ ਸਮੱਗਰੀ ਪੂਰੀ ਨਿਕਲੀ। ਉਂਝ ਗੁਣਵੱਤਾ ਦੇ ਪੱਖ ਤੋਂ ਜਾਂਚ ਕਰਵਾਉਣ ਲਈ ਨਿਰਮਾਣ ਸਮੱਗਰੀ ਦੇ ਨਮੂਨੇ ਲੈ ਲਏ ਗਏ ਹਨ।
44,920 ਕਿਲੋਮੀਟਰ ਸੜਕਾਂ ਬਣਾਉਣ ਦਾ ਟੀਚਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਗਲੇ ਸਾਲ ਦੇ ਅੰਤ ਤੱਕ ਸੂਬੇ ਦੇ ਸਾਰੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ 16,209 ਕਰੋੜ ਦੀ ਲਾਗਤ ਨਾਲ 44,920 ਕਿਲੋਮੀਟਰ ਸੜਕਾਂ ਬਣਾਏਗੀ। 19,373 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਜਿਸ ਲਈ 4092 ਕਰੋੜ ਖਰਚੇ ਜਾਣਗੇ।
ਮਿਨੀ ਬੱਸਾਂ ਦੇ ਪਰਮਿਟ ਛੇਤੀ ਕੱਢਣ ਦਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਮਿੰਨੀ ਬੱਸਾਂ ਦੇ ਪਰਮਿਟ ਵੀ ਕੱਢੇ ਜਾ ਰਹੇ ਹਨ। ਨੌਜਵਾਨਾਂ ਦੇ 2 ਤੋਂ 4 ਮੈਂਬਰਾਂ ਦੇ ਸਮੂਹ ਬਣਾ ਕੇ ਮਿਨੀ ਬੱਸਾਂ ਦੇ ਪਰਮਿਟ ਅਲਾਟ ਕੀਤੇ ਜਾਣਗੇ। ਇਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਬੱਸ ਸਰਵਿਸ ’ਚ ਵਾਧੇ ਨਾਲ ਆਮ ਲੋਕਾਂ ਨੂੰ ਵੀ ਲਾਭ ਹੋਵੇਗਾ।
