ਭਾਬੀ ਕਮਲ ਕੌਰ ਮਾਮਲਾ: ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਖ਼ਿਲਾਫ਼ ਦੋਸ਼ ਤੈਅ
ਸੋਸ਼ਲ ਮੀਡੀਆ ’ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਤਾਜ਼ਾ ਕਾਰਵਾਈ ਸਾਹਮਣੇ ਆਈ ਹੈ। ਇਸ ਸਬੰਧੀ ਬਠਿੰਡਾ ਪੁਲੀਸ ਵੱਲੋਂ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਜਿਲ੍ਹਾ ਅਦਾਲਤ ਨੇ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰ ਦੋ ਨਿਹੰਗ ਸਿੰਘਾਂ — ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ — ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ।
ਅਡੀਸ਼ਨਲ ਜਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਵੀਰਵਾਰ ਨੂੰ ਪਹਿਲੀ ਸੁਣਵਾਈ ਕੀਤੀ ਅਤੇ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਅਗਲੀ ਸੁਣਵਾਈ 27 ਨਵੰਬਰ ਲਈ ਤੈਅ ਕੀਤੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਵਾਸੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੀ ਲਾਸ਼ 11 ਜੂਨ ਨੂੰ ਭੁੱਚੋ ਮੰਡੀ ਦੇ ਨੇੜੇ ਇੱਕ ਕਾਰ ’ਚੋਂ ਮਿਲੀ ਸੀ। ਬਠਿੰਡਾ ਪੁਲੀਸ ਨੇ 13 ਜੂਨ ਨੂੰ ਜਸਪ੍ਰੀਤ ਸਿੰਘ (ਵਾਸੀ ਮਹਿਰੋਂ, ਮੋਗਾ) ਅਤੇ ਨਿਮਰਜੀਤ ਸਿੰਘ (ਵਾਸੀ ਹਰੀਕੇ ਪੱਤਣ, ਤਰਨਤਾਰਨ) ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਰਣਜੀਤ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਪੁਲੀਸ ਅਨੁਸਾਰ ਅੰਮ੍ਰਿਤਪਾਲ ਸਿੰਘ ਕਤਲ ਤੋਂ ਬਾਅਦ ਦੁਬਈ ਫਰਾਰ ਹੋ ਗਿਆ ਸੀ, ਜਿਸ ਦੀ ਹਵਾਲਗੀ ਲਈ ਇੰਟਰਪੋਲ ਰਾਹੀਂ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
ਮੁਲਜਮਾਂ ਨੇ ਪੁਲੀਸ ਅੱਗੇ ਮੰਨਿਆ ਸੀ ਕਿ ਕਮਲ ਕੌਰ ਸੋਸ਼ਲ ਮੀਡੀਆ ’ਤੇ ਅਸ਼ਲੀਲ ਵੀਡੀਓ ਪਾਉਂਦੀ ਸੀ, ਜਿਸ ਕਾਰਨ ਉਸ ਦੀ ਹੱਤਿਆ ਕੀਤੀ ਗਈ। ਅਦਾਲਤ ਵੱਲੋਂ ਦੋਵਾਂ ਦੀ ਜਮਾਨਤ ਅਰਜ਼ੀ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ।
ਇਸ ਕੇਸ ਵਿੱਚ ਰਣਜੀਤ ਸਿੰਘ ਦੀ ਅਗਾਊਂ ਜਮਾਨਤ ਦੀ ਅਰਜ਼ੀ ਵੀ 17 ਅਕਤੂਬਰ ਨੂੰ ਰੱਦ ਕਰ ਦਿੱਤੀ ਗਈ ਸੀ। ਕਮਲ ਕੌਰ ਦਾ ਅੰਤਿਮ ਸੰਸਕਾਰ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਕੀਤਾ ਗਿਆ ਸੀ।
