ਬਹਬਿਲ ਗੋਲੀ ਕਾਂਡ: ਅਧਿਕਾਰੀਆਂ ਦੇ ਭਰੋਸੇ ਮਗਰੋਂ ਮਰਨ ਵਰਤ ਰੱਦ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 10 ਅਕਤੂਬਰ
ਸਪੈਸ਼ਲ ਜਾਂਚ ਟੀਮ ਦੇ ਭਰੋਸੇ ਮਗਰੋਂ ਬਹਬਿਲ ਕਲਾਂ ਇਨਸਾਫ਼ ਮੋਰਚੇ ਵਿੱਚ ਮਰਨ ਵਰਤ ਦਾ ਪ੍ਰੋਗਰਾਮ ਅੱਜ ਰੱਦ ਕਰ ਦਿੱਤਾ ਗਿਆ। ਬਹਬਿਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਦੇ ਮੈਂਬਰ ਪ੍ਰਦੀਪ ਕੁਮਾਰ ਯਾਦਵ (ਆਈਜੀ), ਸਤਿੰਦਰਜੀਤ ਸਿੰਘ (ਐੱਸਐੱਸਪੀ ਬਟਾਲਾ), ਸਵਰਨਦੀਪ ਸਿੰਘ (ਮੈਂਬਰ) ਅਤੇ ਫ਼ਰੀਦਕੋਟ ਦੇ ਐੱਸਐੱਸਪੀ ਹਰਜੀਤ ਸਿੰਘ ਅੱਜ ਬਾਅਦ ਦੁਪਹਿਰ ਬਹਬਿਲ ਕਲਾਂ ਇਨਸਾਫ਼ ਮੋਰਚੇ ਵਿੱਚ ਪਹੁੰਚੇ। ਇਸ ਦੌਰਾਨ ਅਧਿਕਾਰੀਆਂ ਨੇ ਗੋਲੀ ਕਾਂਡ ਵਿੱਚ ਮਾਰੇ ਗਏ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਲਗਪਗ ਇੱਕ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਿਟ ਮੈਂਬਰਾਂ ਨੇ ਸੁਖਰਾਜ ਸਿੰਘ ਨੂੰ ਬਹਬਿਲ ਕਲਾਂ ਗੋਲੀ ਕਾਂਡ ਦੀ ਜਾਂਚ ਬਾਰੇ ਜਾਣੂ ਕਰਵਾਇਆ ਤੇ ਸੁਖਰਾਜ ਸਿੰਘ ਨੂੰ ਉਸਦੇ 12 ਅਕਤੂਬਰ ਦੇ ਐਕਸ਼ਨ ਨੂੰ ਰੱਦ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਕਿ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕੁਝ ਦਿਨ ਪਹਿਲਾਂ 12 ਅਕਤੂੁਬਰ ਨੂੰ ਨੈਸ਼ਨਲ ਹਾਈਵੇ ਨੰਬਰ 54 ’ਤੇ ਚੱਲ ਰਹੇ ਬੇਅਦਬੀ ਇਨਸਾਫ਼ ਮੋਰਚੇ ਅੰਦਰ ਮਰਨ ਵਰਤ ਉੱਤੇ ਬੈਠਣ ਦਾ ਐਲਾਨ ਕੀਤਾ ਸੀ। ਮਰਨ ਵਰਤ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਟੀਮ ਨੇ ਉਸ ਨੂੰ ਆਪਣਾ ਪ੍ਰੋਗਰਾਮ ਮੁਅੱਤਲ ਕਰਨ ਲਈ ਰਾਜ਼ੀ ਕਰ ਲਿਆ।
ਇਸ ਮੌਕੇ ਆਈਜੀ ਪ੍ਰਦੀਪ ਯਾਦਵ ਨੇ ਦੱਸਿਆ ਕਿ ਸਿੱਟ ਵੱਲੋਂ ਮਾਮਲੇ ਦੀ ਜਾਂਚ ਪੂਰੀ ਸੁਹਿਰਦਤਾ ਨਾਲ ਚੱਲ ਰਹੀ ਹੈ ਤੇ ਇਹ ਛੇਤੀ ਹੀ ਮੁਕੰਮਲ ਹੋ ਜਾਵੇਗੀ। ਗਵਾਹਾਂ ਬਾਰੇ ਦੁਬਾਰਾ ਬਿਆਨ ਕਰਵਾਉਣ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਉਹ ਜਾਂਚ ਬਾਰੇ ਕੋਈ ਗੱਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ 12 ਅਕਤੂਬਰ ਦਾ ਮਰਨ ਵਰਤ ਨਹੀਂ ਹੋਵੇਗਾ।