ਨਵੀਂ ਗੁਰਦੁਆਰਾ ਕਮੇਟੀ ਚੁਣਨ ਦੀ ਰੰਜਿਸ਼ ਕਾਰਨ ਕੁੱਟਮਾਰ
ਨੇੜਲੇ ਪਿੰਡ ਰੁੜਕਾ ਵਿੱਚ ਲੋਕਲ ਗੁਰਦੁਆਰਾ ਕਮੇਟੀ ਨਵੀਂ ਚੁਣਨ ਤੋਂ ਪੈਦਾ ਹੋਈ ਰੰਜਿਸ਼ ਕਰਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਦਾਖਾ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦ ਕੀਤੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਪੁਰਾਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਹਨ। ਇਸ ਸਬੰਧੀ ਸ਼ਿਕਾਇਤਕਰਤਾ ਕੇਵਲ ਸਿੰਘ ਵਾਸੀ ਰੁੜਕਾ ਨੇ ਬਿਆਨ ਕੀਤਾ ਕਿ ਲੈਂਡ ਪੂਲਿੰਗ ਦੇ ਮਸਲੇ ਕਰਕੇ ਕਰੀਬ ਦੋ ਵਾਰ ਉਹ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨਾਲ ਗੁਰਦੁਆਰੇ ਗਏ। ਕਮੇਟੀ ਮੈਂਬਰ ਗੁਲਜ਼ਾਰ ਸਿੰਘ ਤੇ ਦਲਜੀਤ ਸਿੰਘ ਨੇ ਉਨ੍ਹਾਂ ਨਾਲ ਕਥਿਤ ਦੁਰਵਿਹਾਰ ਕੀਤਾ। ਉਨ੍ਹਾਂ ਗੁਰਦੁਆਰੇ ਜਾਣ ਤੋਂ ਵੀ ਰੋਕਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਹੁਣ ਆਮ ਸਹਿਮਤੀ ਨਾਲ ਗੁਰਦੁਆਰੇ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਜਾਵੇ। ਕਰੀਬ ਵੀਹ ਪੱਚੀ ਦਿਨ ਪਹਿਲਾਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਨਵੀਂ ਨੌਂ ਮੈਂਬਰੀ ਕਮੇਟੀ ਚੁਣ ਲਈ। ਜਦੋਂ ਪੁਰਾਣੀ ਕਮੇਟੀ ਦੀ ਦੇਖ-ਰੇਖ ਕਰ ਰਹੇ ਗੁਲਜ਼ਾਰ ਸਿੰਘ ਅਤੇ ਦਲਜੀਤ ਸਿੰਘ ਕੋਲੋਂ ਹਿਸਾਬ ਮੰਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹਿਸਾਬ ਸੰਗਰਾਂਦ ਵਾਲੇ ਦਿਨ ਦੇਣਗੇ। ਫੇਰ ਸੋਲਾਂ ਅਗਸਤ ਨੂੰ ਸੰਗਰਾਂਦ ਵਾਲੇ ਦਿਨ ਗੁਲਜ਼ਾਰ ਸਿੰਘ ਅਤੇ ਦਲਜੀਤ ਸਿੰਘ ਵੱਲੋਂ ਨਵੀਂ ਨੌਂ ਮੈਂਬਰੀ ਕਮੇਟੀ ਨੂੰ ਹਿਸਾਬ, ਰਜਿਸਟਰ ਅਤੇ ਚਾਬੀਆਂ ਦੇ ਦਿੱਤੀਆਂ ਗਈਆਂ। ਅਰਦਾਸ ਹੋਣ ਤੋਂ ਬਾਅਦ ਦੇਗ ਵਰਤ ਗਈ। ਸਾਰੇ ਜਣੇ ਬਾਹਰ ਗੁਰਦੁਆਰੇ ਦੇ ਵਿਹੜੇ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਬਾਹਰ ਖੜ੍ਹੇ ਗੁਲਜ਼ਾਰ ਸਿੰਘ, ਦਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਨਵੀਂ ਕਮੇਟੀ ਬਾਰੇ ਮਾੜਾ ਬੋਲਿਆ। ਜਦੋਂ ਇਸ ਦਾ ਪਰਦੀਪ ਸਿੰਘ ਇਤਰਾਜ਼ ਕੀਤਾ ਤਾਂ ਗੁਲਜ਼ਾਰ ਸਿੰਘ ਦੇ ਕਹਿਣ ’ਤੇ ਦਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਮੁਤਾਬਕ ਇਹ ਸਭ ਕੁਝ ਨਵੀਂ ਚੁਣੀ ਗੁਰਦੁਆਰਾ ਕਮੇਟੀ ਦੀ ਰੰਜਿਸ਼ ਵਿੱਚ ਕੀਤਾ ਗਿਆ। ਜਾਂਚ ਅਧਿਕਾਰੀ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਲਜ਼ਾਰ ਸਿੰਘ, ਦਲਜੀਤ ਸਿੰਘ ਅਤੇ ਅਮਨਦੀਪ ਸਿੰਘ ਵਾਸੀ ਰੁੜਕਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।