ਬਿਆਸ ਦੇ ਬਦਲੇ ਵਹਿਣ ਨੇ ਇੱਕ ਹੋਰ ਘਰ ਨੂੰ ਖੋਰਾ ਲਾਇਆ
ਪਾਲ ਸਿੰਘ ਨੌਲੀ
ਬਾਊਪੁਰ ਮੰਡ ਇਲਾਕੇ ਵਿੱਚ ਬਿਆਸ ਦਰਿਆ ਦਾ ਪਾਣੀ ਭਾਵੇਂ ਘੱਟ ਗਿਆ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਮੁੜ ਵਾਹੁਣਯੋਗ ਬਣਾਉਣ ਵਿੱਚ ਲੱਗੇ ਹੋਏ ਹਨ, ਪਰ ਰਾਮਪੁਰ ਗੋਹਰਾ ਪਿੰਡ ਦਾ ਇੱਕ ਪਰਿਵਾਰ ਅੱਜ ਵੀ ਹੜ੍ਹ ਦੀ ਮਾਰ ਝੱਲ ਰਿਹਾ ਹੈ।
ਦਰਿਆ ਦੇ ਬਦਲੇ ਵਹਿਣ ਕਾਰਨ ਉਨ੍ਹਾਂ ਦੇ ਘਰ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ ਅਤੇ ਘਰ ਕਿਸੇ ਵੀ ਸਮੇਂ ਢਹਿ ਸਕਦਾ ਹੈ। ਇਸ ਪਰਿਵਾਰ ਨਾਲ ਇੱਕ ਹੋਰ ਵੱਡੀ ਤਰਾਸਦੀ ਇਹ ਵਾਪਰੀ ਹੈ ਕਿ ਦਰਿਆ ਦਾ ਬਦਲਿਆ ਵਹਾਅ ਉਨ੍ਹਾਂ ਦੀ 17 ਏਕੜ ਉਪਜਾਊ ਜ਼ਮੀਨ ਨੂੰ ਵੀ ਨਿਗਲ ਚੁੱਕਾ ਹੈ।
10 ਅਗਸਤ ਦੀ ਰਾਤ ਨੂੰ ਆਏ ਹੜ੍ਹਾਂ ਨੇ ਇਸ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਸੀ। ਰਾਮਪੁਰ ਗੋਹਰਾ ਪਿੰਡ ਦੇ 9 ਘਰ ਤਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਹੁਣ ਪੰਚਾਇਤ ਮੈਂਬਰ ਮਿਲਖਾ ਸਿੰਘ ਦਾ ਪਰਿਵਾਰ ਇਸ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਰਿਹਾ ਹੈ। ਭਰੀਆਂ ਅੱਖਾਂ ਨਾਲ ਮਿਲਖਾ ਸਿੰਘ ਨੇ ਦੱਸਿਆ ਕਿ ਉਸ ਕੋਲ ਤਕਰੀਬਨ 19 ਏਕੜ ਜ਼ਮੀਨ ਸੀ, ਪਰ ਹੁਣ ਸਿਰਫ਼ ਦੋ ਏਕੜ ਹੀ ਬਚੀ ਹੈ। ਉਸ ਨੇ ਦੱਸਿਆ, ‘ਜ਼ਮੀਨ ਤਾਂ ਚਲੀ ਗਈ, ਹੁਣ ਸਿਰ ’ਤੇ ਛੱਤ ਵੀ ਜਾਂਦੀ ਦਿਸ ਰਹੀ ਹੈ। ਅਸੀਂ ਲਗਪਗ ਦੋ ਸਾਲ ਪਹਿਲਾਂ ਹੀ ਇਹ ਨਵਾਂ ਘਰ ਬਣਾਇਆ ਸੀ।’
ਮਿਲਖਾ ਸਿੰਘ, ਉਸ ਦੇ ਦੋ ਪੁੱਤਰ ਅਤੇ ਉਨ੍ਹਾਂ ਦੇ ਪਰਿਵਾਰ ਘਰ ਢਹਿ ਜਾਣ ਦੇ ਡਰ ਕਾਰਨ ਦਿਨ ਵੇਲੇ ਤਾਂ ਘਰ ਵਿੱਚ ਰਹਿੰਦੇ ਹਨ, ਪਰ ਰਾਤਾਂ ਇੱਕ ਰਿਸ਼ਤੇਦਾਰ ਦੇ ਘਰ ਬਿਤਾਉਣ ਲਈ ਮਜਬੂਰ ਹਨ। ਪੂਰਾ ਪਰਿਵਾਰ ਪਿਛਲੇ ਦੋ ਦਿਨਾਂ ਤੋਂ ਘਰ ਦਾ ਸਮਾਨ ਬਾਹਰ ਕੱਢਣ ਵਿੱਚ ਲੱਗਾ ਹੋਇਆ ਹੈ। ਪਿੰਡ ਵਾਸੀਆਂ ਨੇ ਮਿਲ ਕੇ ਆਰਜ਼ੀ ਬੰਨ੍ਹ ਨੂੰ ਉੱਚਾ ਕਰਕੇ ਘਰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦਰਿਆ ਦੇ ਤੇਜ਼ ਵਹਾਅ ਕਾਰਨ ਘਰ ਦੀਆਂ ਨੀਂਹਾਂ ਹੇਠੋਂ ਮਿੱਟੀ ਖਿਸਕਣ ਲੱਗ ਪਈ ਹੈ ਅਤੇ ਉਨ੍ਹਾਂ ਦੇ ਯਤਨ ਵੀ ਨਾਕਾਮ ਸਾਬਤ ਹੋ ਰਹੇ ਹਨ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਮਿਲਖਾ ਸਿੰਘ ਦੇ ਘਰ ਨੂੰ ਬਚਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ, ਪਰ ਹੁਣ ਤੱਕ ਕੋਈ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਬੀਤੇ ਸ਼ਨਿਚਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਵਾਏ ਭਰੋਸੇ ਦੇ ਕੁਝ ਨਹੀਂ ਕੀਤਾ। ਅੱਜ ਸ਼ਾਮ ਤੱਕ ਉਨ੍ਹਾਂ ਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ ਸੀ। ਪੀੜਤ ਪਰਿਵਾਰ ਹੁਣ ਆਪਣੀਆਂ ਅੱਖਾਂ ਸਾਹਮਣੇ ਆਪਣੇ ਘਰ ਨੂੰ ਤਬਾਹ ਹੁੰਦਾ ਦੇਖਣ ਲਈ ਮਜਬੂਰ ਹੈ।