ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੀਬੀਐੱਮਬੀ ਵੱਲੋਂ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਸਪਿੱਲਵੇਅ ਦੇ ਨੁਕਸਾਨੇ ਕੰਕਰੀਟ ਬਲਾਕ ਰਿਪੇਅਰ ਨਾ ਕੀਤੇ ਜਾਣ ’ਤੇ ਵੱਡੇ ਹਾਦਸੇ ਦਾ ਖਦਸ਼ਾ; ਏਟਕ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ
Advertisement

ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਸਥਾਨਕ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਬੀਬੀਐੱਮਬੀ ਨੇ ਵਾਧੂ ਪਾਣੀ ਦੀ ਆਮਦ ’ਤੇ ਫਲੱਡ ਗੇਟ ਖੋਲ੍ਹਣ ਦੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪਰ ਇਸ ਦੌਰਾਨ ਪੌਂਗ ਡੈਮ ਦੇ ਸਪਿੱਲਵੇਅ ’ਤੇ ਪ੍ਰਸ਼ਾਸਨ ਦੀ ਕਥਿਤ ਵੱਡੀ ਕੁਤਾਹੀ ਸਾਹਮਣੇ ਆਈ ਹੈ। ਸਪਿੱਲਵੇਅ ਦੇ ਡਾਊਨ ਸਟ੍ਰੀਮ ਦੇ ਨੁਕਸਾਨੇ ਕੰਕਰੀਟ ਬਲਾਕਾਂ ਦੀ ਰਿਪੇਅਰ ਨਾ ਹੋਣ ਕਾਰਨ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਹੈ। ਮੁਲਾਜ਼ਮ ਜਥੇਬੰਦੀ ਏਟਕ ਨੇ ਬੀਬੀਐੱਮਬੀ ਪ੍ਰਸ਼ਾਸਨ ’ਤੇ ਸਵਾਲ ਉਠਾਏ ਹਨ। ਬੀਬੀਐੱਮਬੀ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਇਸ ਮਾਮਲੇ ’ਚ ਬਿਆਨ ਵੱਖੋ-ਵੱਖਰੇ ਹਨ।

ਬੀਬੀਐੱਮਬੀ ਦੀ ਮੁਲਾਜ਼ਮ ਜਥੇਬੰਦੀ ਏਟਕ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਸਕੱਤਰ ਸ਼ਿਵ ਕੁਮਾਰ ਨੇ ਦੱਸਿਆ ਕਿ ਪੌਂਗ ਡੈਮ ਦੇ ਕੈਚਮੈਂਟ ਏਰੀਏ ’ਚ ਭਰਵੇਂ ਮੀਂਹ ਪੈ ਰਹੇ ਹਨ। ਮਹਾਰਾਣਾ ਸਾਗਰ ਝੀਲ ’ਚ ਪਾਣੀ ਦੀ ਆਮਦ ਵਧੀ ਹੈ। ਪੌਂਗ ਡੈਮ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਹੁਣ ਜਦੋਂ ਪਾਣੀ ਦਾ ਪੱਧਰ ਫਲੱਡ ਗੇਟਾਂ ਤੋਂ ਕਰੀਬ ਢਾਈ ਫੁੱਟ ਉੱਪਰ ਹੈ ਤਾਂ ਬੀਬੀਐੱਮਬੀ ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ’ਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। 48 ਘੰਟਿਆਂ ਤੋਂ ਬਾਅਦ ਫਲੱਡ ਗੇਟ ਖੋਲ੍ਹਣ ਦੀ ਤਿਆਰੀ ਵੀ ਖਿੱਚ ਲਈ ਹੈ। ਪਰ ਇਸ ਦੌਰਾਨ ਬੀਬੀਐੱਮਬੀ ਦੀ ਕਥਿਤ ਵੱਡੀ ਕੁਤਾਹੀ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਸਪਿੱਲਵੇਅ ਦੇ ਡਾਊਨ ਸਟ੍ਰੀਮ ਦੇ ਕੰਕਰੀਟ ਬਲਾਕ ਨੁਕਸਾਨੇ ਹੋਏ ਹਨ। ਸਾਲ 2023 ’ਚ ਭਾਰੀ ਬਰਸਾਤ ਹੋਈ ਸੀ। ਉਸ ਸਾਲ 15 ਜੁਲਾਈ ਤੋਂ 10 ਅਗਸਤ ਅਤੇ ਫ਼ਿਰ 14 ਅਗਸਤ ਤੋਂ ਪਹਿਲੀ ਸੰਤਬਰ ਤੱਕ ਲਗਾਤਾਰ 6 ਫੁੱਟ ਫਲੱਡ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਇਹ ਕੰਕਰੀਟ ਬਲਾਕ ਨੁਕਸਾਨੇ ਗਏ ਸਨ ਅਤੇ ਹੇਠਾਂ ਸਰੀਆ ਆਦਿ ਨਿਕਲ ਆਇਆ ਸੀ। ਬਰਸਾਤ ਤੋਂ ਬਾਅਦ ਸਤੰਬਰ ਦੇ ਅੰਤ ’ਚ ਇਨ੍ਹਾਂ ਦੀ ਰਿਪੇਅਰ ਕੀਤੀ ਜਾਣੀ ਸੀ। ਪਰ ਉਦੋਂ ਰਿਪੇਅਰ ਨਹੀਂ ਕੀਤੀ ਗਈ। ਪਿਛਲੇ ਸਾਲ ਬਰਸਾਤ ਦਾ ਮੌਸਮ ਔਸਤ ਸੀ। ਇਸ ਸਾਲ 25 ਜੁਲਾਈ ਤੋਂ ਪਹਿਲਾਂ ਇਹ ਰਿਪੇਅਰ ਕੀਤੀ ਜਾਣੀ ਸੀ। ਪਰ ਐਂਤਕੀ ਭਾਰੀ ਬਰਸਾਤ ਕਾਰਨ ਫਲੱਡ ਗੇਟ ਮੁੜ ਖੋਲ੍ਹਣ ਦੀ ਨੌਬਤ ਬਣ ਗਈ ਹੈ। ਪ੍ਰਧਾਨ ਅਸ਼ੋਕ ਕੁਮਾਰ ਨੇ ਫਲੱਡ ਗੇਟ ਖੋਲ੍ਹਣ ਮਗਰੋਂ ਪਾਣੀ ਦੇ ਤੇਜ਼ ਵਹਾਅ ਕਾਰਨ ਸਪਿੱਲਵੇਅ ਅਤੇ ਪੌਂਗ ਡੈਮ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਏਟਕ ਨੇ ਇਸ ਅਣਗਹਿਲੀ ਦੀ ਉਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Advertisement

ਐਕਸੀਅਨ ਵੱਲੋਂ ਰਿਪੇਅਰ ਕਰਵਾਉਣ ਦਾ ਦਾਅਵਾ

ਪੌਗ ਡੈਮ ਡਿਵੀਜ਼ਨ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਜਦੋਂ ਏਟਕ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਫੋਟੋਆਂ ਦਾ ਹਵਾਲਾ ਦਿੱਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਮਹੀਨੇ ਤੋਂ ਮੈਡੀਕਲ ਛੁੱਟੀ ’ਤੇ ਹਨ। ਉਨ੍ਹਾਂ ਦਾ ਵਾਧੂ ਚਾਰਜ ਐਕਸੀਅਨ ਗੌਰਵ ਲਾਂਬਾ ਕੋਲ ਹੈ। ਐਕਸੀਅਨ ਗੌਰਵ ਲਾਂਬਾ ਨੇ ਸਾਰੀ ਰਿਪੇਅਰ ਕਰਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਫੋਟੋਆਂ ਅਤੇ ਵਾਇਰਲ ਵੀਡਿਓਜ਼ ਨੂੰ ਪੁਰਾਣੀ ਅਤੇ ਫਰਜ਼ੀ ਦੱਸਿਆ।

Advertisement