ਬੀ ਬੀ ਐੱਮ ਬੀ ਲੀਜ਼: ਕਾਨੂੰਨੀ ਰਾਇ ਲੈਣ ਲੱਗਿਆ ਵਿਭਾਗ
ਬੀ ਬੀ ਐੱਮ ਬੀ ਵਿਭਾਗ ਆਪਣੀ ਲੀਜ਼ ਵਾਲੀਆਂ ਜ਼ਮੀਨਾਂ ਖਾਲੀ ਕਰਵਾਉਣ ਲਈ ਪੱਬਾ ਭਾਰ ਹੈ। ਦੂਜੇ ਪਾਸੇ ਵਿਭਾਗ ਦੀ ਜ਼ਮੀਨ ’ਤੇ ਕਾਬਜ਼ਕਾਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਦਿਆਂ ਵਿਵਾਦ ਵਾਲੀ ਜ਼ਮੀਨ ’ਤੇ ਸਟੇਅ ਲੈ ਲਿਆ ਹੈ, ਜਿਸ ਨਾਲ ਬੀ ਬੀ ਐੱਮ ਬੀ ਵਿਭਾਗ ਵੱਲੋਂ ਜ਼ਮੀਨਾਂ ਨੂੰ ਖਾਲੀ ਕਰਵਾਉਣ ਦਾ ਮਾਮਲਾ ਲਟਕ ਗਿਆ ਹੈ। ਪੰਜਾਬ ਸਰਕਾਰ ਵੀ ਬੀ ਬੀ ਐੱਮ ਬੀ ਦੀ ਜ਼ਮੀਨ ਵਿੱਚ ਬੈਠੇ ਲੋਕਾਂ ਦੇ ਹੱਕ ਵਿੱਚ ਨਜ਼ਰ ਆਈ।
ਸੂਤਰਾਂ ਮੁਤਾਬਕ ਲੀਜ਼ ’ਤੇ ਚੱਲ ਰਹੀਆਂ ਮੇਨ ਮਾਰਕੀਟ ਦੀਆਂ 9, ਮਹਾਂਵੀਰ ਮਾਰਕੀਟ ਦੀਆਂ 5 ਅਤੇ ਪਹਾੜੀ ਮਾਰਕੀਟ ਦੀਆਂ 10 ਦੁਕਾਨਾਂ ਨੂੰ ਬੀ ਬੀ ਐੱਮ ਬੀ ਨੇ 31 ਦਸੰਬਰ ਤੱਕ ਦੁਕਾਨਾਂ ਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ। ਇਸ ਤੋਂ ਬਾਅਦ ਲੀਜ਼ ’ਤੇ ਬੈਠੇ ਦੁਕਾਨਦਾਰਾਂ ਸਮੇਤ ਹੋਰ ਲੀਜ਼ਧਾਰਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ। ਅਦਾਲਤ ਨੇ ਹੁਣ ਲੀਜ਼ ਵਾਲੀਆਂ ਦੁਕਾਨਾਂ ’ਤੇ ਸਟੇਅ ਲਗਾ ਦਿੱਤੀ ਹੈ। ਵਪਾਰ ਮੰਡਲ ਮੇਨ ਮਾਰਕੀਟ ਦੇ ਪ੍ਰਧਾਨ ਰਾਕੇਸ਼ ਨਈਅਰ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਸੀ ਤੇ ਇਸ ’ਤੇ ਸਟੇਅ ਆਰਡਰ ਜਾਰੀ ਕਰ ਦਿੱਤੇ। ਸ੍ਰੀ ਨਈਅਰ ਅਤੇ ਲੀਗਲ ਐਡਵਾਈਜ਼ਰ ਐਡਵੋਕੇਟ ਅਮਨ ਬਜਾਜ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦੇ ਫੈਸਲੇ ਨਾਲ ਦੁਕਾਨਦਾਰਾਂ ਤੇ ਲੀਜ਼ਧਾਰਕਾਂ ਨੂੰ ਰਾਹਤ ਦਿੱਤੀ ਗਈ ਹੈ। ਦੂਜੇ ਪਾਸੇ ਇਸ ਸਟੇਅ ਤੋਂ ਬਾਅਦ ਬੀ ਬੀ ਐੱਮ ਬੀ ਵਿਭਾਗ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਰਿਹਾ ਹੈ।
ਨੰਗਲ ਨੂੰ ਉਜੜਨ ਨਹੀਂ ਦਿੱਤਾ ਜਾਵੇਗਾ: ਬੈਂਸ
ਬੀ ਬੀ ਐੱਮ ਬੀ ਦੀ ਲੀਜ਼ ਜ਼ਮੀਨ ਬਾਰੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੀਜ਼ ’ਤੇ ਬੈਠੇ ਲੋਕਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਨੰਗਲ ਸ਼ਹਿਰ ਨੂੰ ਉਜੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਇਹ ਮਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਲੀਜ਼ਧਾਰਕਾਂ ਦੇ ਨਾਲ ਹਨ ਤੇ ਉਹ ਪਿੱਛੇ ਨਹੀਂ ਹਟਣਗੇ।
