ਬਠਿੰਡਾ: ਚਾਰ ਦਿਨਾਂ ’ਚ ਦੂਜੀ ਵਾਰ ਨਹਿਰ ’ਚ ਡਿੱਗੀ ਕਾਰ
ਗੌਰਤਲਬ ਹੈ ਕਿ ਲੰਘੀ 23 ਜੁਲਾਈ ਨੂੰ ਵੀ ਇਸੇ ਨਹਿਰ ’ਚ ਇੱਕ ਕਾਰ ਡਿੱਗ ਪਈ ਸੀ। ਉਸ ਕਾਰ ਵਿੱਚ ਛੋਟੇ ਬੱਚਿਆਂ ਸਮੇਤ 11 ਵਿਅਕਤੀ ਸਵਾਰ ਸਨ। ਘਟਨਾ ਦਾ ਫੌਰੀ ਪਤਾ ਲੱਗਦਿਆਂ ਹੀ, ਲੋਕਾਂ ਨੇ ਸਾਂਝੀ ਕਾਰਵਾਈ ਕਰਦਿਆਂ ਸਾਰੇ ਕਾਰ ਸਵਾਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ ਸੀ। ਮੁੱਖ ਮੰਤਰੀ ਵੱਲੋਂ ਇਸ ਘਟਨਾ ਦੇ ਬਚਾਅ ਕਾਰਜਾਂ ’ਚ ਜੁਟਣ ਵਾਲਿਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਕੌਂਸਲਰ ਮਲਕੀਤ ਸਿੰਘ ਗਿੱਲ ਨੇ ਕਿਹਾ ਕਿ ਸਰਹਿੰਦ ਨਹਿਰ ਦੀ ਪਟੜੀ ’ਤੇ ਸੜਕ ਬਣੀ ਹੋਣ ਕਰ ਕੇ ਇੱਥੇ ਬਹੁਤ ਸਾਰੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਹਿਰ ਕੰਢੇ ਰੇਲਿੰਗ ਨਾ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਕਿਹਾ ਕਿ ਜਿੱਥੋਂ ਇਹ ਨਹਿਰ ਸੰਘਣੀ ਆਬਾਦੀ ਨੇੜਿਓਂ ਲੰਘਦੀ ਹੈ, ਘੱਟੋ-ਘੱਟ ਉਥੇ ਤਾਂ ਰੇਲਿੰਗ ਦੀ ਸਹੂਲਤ ਯਕੀਨੀ ਬਣਾਈ ਜਾਵੇ, ਤਾਂ ਕਿ ਹਾਦਸੇ ਨਾ ਵਾਪਰਨ। ਉਨ੍ਹਾਂ ਦੱਸਿਆ ਕਿ ਅਜਿਹੇ ਹਾਦਸੇ ਹੁਣ ਹੀ ਨਹੀਂ ਸਗੋਂ ਪਹਿਲਾਂ ਵੀ ਕਈ ਦਫ਼ਾ ਵਾਪਰ ਚੁੱਕੇ ਹਨ, ਪਰ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਲਈ ਲੋੜੀਂਦੀ ਤਵੱਜੋ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਹੋਰ ਨਹੀਂ ਤਾਂ ਇੱਥੇ ਤਾਰ ਜਾਂ ਜਾਲੀ ਹੀ ਲਾ ਦਿੱਤੀ ਜਾਵੇ, ਤਾਂ ਕਿ ਘਟਨਾਵਾਂ ਘਟ ਸਕਣ।