ਬਟਾਲਾ ਪੁਲੀਸ ਵੱਲੋਂ ਬੱਬਰ ਖਾਲਸਾ ਦੀ ਸਾਜ਼ਿਸ਼ ਨਾਕਾਮ
ਦਲਬੀਰ ਸੱਖੋਵਾਲੀਆ/ਹਰਜੀਤ ਪਰਮਾਰ
ਬਟਾਲਾ ਪੁਲੀਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੀ ਅਤਿਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਵੱਲ ਜਾਣ ਵਾਲੀ ਸੜਕ ਤੋਂ ਚਾਰ ਹੱਥ ਗੋਲੇ, ਧਮਾਕਾਖੇਜ਼ ਸਮੱਗਰੀ, ਗੱਲਬਾਤ ਲਈ ਵਰਤਿਆ ਜਾਣ ਵਾਲਾ ਰੇਡੀਓ ਸੈੱਟ ਅਤੇ ਵਾਕੀ-ਟਾਕੀ ਨਾਲ ਵਰਤਿਆ ਜਾਣ ਵਾਲਾ ਡੀ-ਆਕਾਰ ਵਾਲਾ ਹੈੱਡਸੈੱਟ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਇਸ ਦੌਰਾਨ ਇੱਕ ਕਾਲੇ ਰੰਗ ਦੇ ਡੱਬੇ ਵਿੱਚ ਮਿਲੀ ਆਰਡੀਐਕਸ ਆਧਾਰਿਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦਾ ਭਾਰ ਕਰੀਬ ਦੋ ਕਿਲੋ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲੀਸ ਨੇ ਮੁਲਜ਼ਮ ਰਵਿੰਦਰ ਪਾਲ ਸਿੰਘ ਉਰਫ਼ ਰਵੀ ਵਾਸੀ ਪਿੰਡ ਪੂਰੀਆ ਕਲਾਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ’ਚ ਇੱਕ ਹੋਰ ਮੁਲਜ਼ਮ ਦੀ ਪਛਾਣ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਬਰਤਾਨੀਆ ਆਧਾਰਿਤ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅਤਿਵਾਦੀ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ ਦੇ ਨਿਰਦੇਸ਼ਾਂ ’ਤੇ ਰੱਖੀ ਗਈ ਸੀ। ਉਹ ਪਾਕਿਸਤਾਨ ਆਧਾਰਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਲਈ ਕੰਮ ਕਰਦਾ ਹੈ।
ਐੱਸਐੱਸਪੀ ਬਟਾਲਾ ਜਨਾਬ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਰਵਿੰਦਰ ਨੇ ਅਤਿਵਾਦੀ ਨਿਸ਼ਾਨ ਸਿੰਘ ਦੇ ਨਿਰਦੇਸ਼ਾਂ ’ਤੇ ਖੇਪ ਇਕੱਠੀ ਕੀਤੀ ਸੀ। ਐੱਸਐੱਸਪੀ ਨੇ ਦੱਸਿਆ ਕਿ ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਪੰਜਾਬ ਪੁਲੀਸ ਨੇ ਵਿਦੇਸ਼ ਮੰਤਰਾਲੇ ਅਤੇ ਬਰਮਿੰਘਮ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਪੱਤਰ-ਵਿਹਾਰ ਸ਼ੁਰੂ ਕੀਤਾ ਹੈ ਅਤੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਥਾਣਾ ਸਦਰ ਬਟਾਲਾ ’ਚ 21 ਅਗਸਤ ਨੂੰ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜਿਵੇਂ-ਜਿਵੇਂ ਅਤਿਵਾਦੀ ਨੈੱਟਵਰਕਾਂ ਦੀ ਸ਼ਮੂਲੀਅਤ ਸਪਸ਼ਟ ਹੁੰਦੀ ਗਈ ਤਾਂ ਇਸ ਵਿੱਚ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।