ਲਹਿੰਦੇ ਪੰਜਾਬ ’ਚ ਮਨਾਏ ਬੰਦੀ ਛੋੜ ਦਿਵਸ ਤੇ ਦੀਵਾਲੀ
ਬਲਵਿੰਦਰ ਸਿੰਘ ਭੰਗੂ
ਮੁਸਲਮਾਨਾਂ ਨੇ ਮਾਸਟਰ ਅੱਲ੍ਹਾ ਰੱਖਾ ਅਤੇ ਬਾਬਾ ਮੁਹੰਮਦ ਤਾਰਿਕ ਦੀ ਅਗਵਾਈ ਵਿੱਚ ਭਾਈਚਾਰਕ ਸਾਂਝ ਤੇ ਧਰਮ ਨਿਰਪੱਖਤਾ ਦੀ ਮਿਸਾਲ ਕਾਇਮ ਕਰਦਿਆਂ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਖਿਆਲਾ ਕਲਾਂ ਜੇਬੀ 57 ਜ਼ਿਲ੍ਹਾ ਫ਼ੈਸਲਾਬਾਦ (ਲਾਇਲਪੁਰ) ਲਹਿੰਦੇ ਪੰਜਾਬ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ। ਇਸ ਦੌਰਾਨ ਉਨ੍ਹਾਂ ਵੱਲੋਂ ਗੁਰੂ ਕਾ ਲੰਗਰ ਲਗਾਇਆ ਗਿਆ ਅਤੇ ਗੁਰਦੁਆਰੇ ’ਤੇ ਦੀਪ ਮਾਲਾ ਕਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਨ੍ਹਾਂ ਸਿੱਖਾਂ ਨੂੰ ਵਧਾਈਆਂ ਵੀ ਦਿੱਤੀਆਂ। ਦੇਸ਼ ਦੀ ਆਜ਼ਾਦੀ ਅਤੇ ਵੰਡ ਤੋਂ ਪਹਿਲਾਂ ਇਹ ਗੁਰਦੁਆਰਾ ਬਾਬਾ ਜੀ ਦੇ ਸ਼ਰਧਾਲੂਆਂ ਨੇ ਪਿੰਡ ਵਿੱਚ 1900 ਈਸਵੀ ਦੇ ਲਗਪਗ ਬਣਾਇਆ ਸੀ। ਇੱਥੇ ਕਰੀਬ 85 ਫ਼ੀਸਦੀ ਸਿੱਖ ਰਹਿੰਦੇ ਸਨ। ਦੇਸ਼ ਦੀ ਵੰਡ ਸਮੇਂ ਇਸ ਪਿੰਡ ਦੇ ਸਾਰੇ ਸਿੱਖ ਪਾਕਿਸਤਾਨ ਛੱਡ ਕੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਚਾਹੜਕੇ, ਚੱਕਸ਼ਕੂਰ, ਚਮਿਆਰੀ, ਕੁਰੇਸੀਆਂ, ਰਾਸਤਗੋ, ਖੋਜਪੁਰ, ਢੱਡਾ ਸਨੌਰਾ ਵਿੱਚ ਆ ਕੇ ਰਹਿਣ ਲੱਗੇ।
ਮੁਸਲਮਾਨਾਂ ਨੇ 125 ਸਾਲਾਂ ਬਾਅਦ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਪਿੰਡ ਖਿਆਲਾ ਕਲਾਂ ਜੇਬੀ 57 ਜ਼ਿਲ੍ਹਾ ਫ਼ੈਸਲਾਬਾਦ (ਲਾਇਲਪੁਰ) ਦਾ ਨਵੀਨੀਕਰਨ ਕੀਤਾ। ਤਿੰਨ ਸਾਲਾਂ ਤੋਂ ਸਿੱਖ ਮਰਿਆਦਾ ਨਾਲ ਨਿਸ਼ਾਨ ਸਾਹਿਬ ਚੜ੍ਹਾ ਕੇ ਇੱਥੇ ਬੰਦੀ ਛੋੜ ਦਿਵਸ, ਦੀਵਾਲੀ ਅਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।