ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਲਜੀਤ ਕੌਰ ਨੇ ਸੁਣਾਈ ਮਲੋਟ ਦੇ ਪਿੰਡਾਂ ਦੀ ਦਾਸਤਾਨ

ਪਿੰਡਾਂ ਵਿੱਚ ਜਲ ਸੰਕਟ ਕਾਰਨ ਬਣੇ ਹਾਲਾਤ ਬਾਰੇ ਸੁਣ ਕੇ ਹਰ ਚਿਹਰਾ ਭਾਵੁਕ ਹੋਇਆ
ਸਦਨ ਦੌਰਾਨ ਸੰਬੋਧਨ ਕਰਦੇ ਹੋਏ ਮੰਤਰੀ ਬਲਜੀਤ ਕੌਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 5 ਮਈ

Advertisement

ਪੰਜਾਬ ਵਿਧਾਨ ਸਭਾ ’ਚ ਬਹਿਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਹਲਕੇ ਦੇ ਪਿੰਡਾਂ ਦੀ ਦਾਸਤਾਨ ਪੇਸ਼ ਕੀਤੀ ਜਿਸ ਨਾਲ ਹਰ ਚਿਹਰਾ ਭਾਵੁਕ ਹੋ ਗਿਆ। ਉਨ੍ਹਾਂ ਕਿਹਾ ਕਿ ਜਿਸ ਹਲਕੇ ਨੂੰ ਬਾਦਲ ਪਰਿਵਾਰ ਨੇ ਦਹਾਕਿਆਂ ਤੋੋਂ ਗੋਦ ਲਿਆ ਹੋਇਆ ਸੀ, ਉਨ੍ਹਾਂ ਪਿੰਡਾਂ ਦੀ ਧਰਤੀ ਬੰਜਰ ਹੋ ਚੁੱਕੀ ਹੈ। ਵਰ੍ਹਿਆਂ ਤੋਂ ਇਹ ਪਿੰਡ ਪਾਣੀ ਨੂੰ ਤਰਸ ਗਏ। ਇਹ ਪਿੰਡ ਵਿਕਾਊ ਕਰਨੇ ਪਏ ਤੇ ਇੱਥੇ ਕੋਈ ਰਿਸ਼ਤੇ ਕਰਨ ਨੂੰ ਤਿਆਰ ਨਹੀਂ ਸੀ।

ਬਲਜੀਤ ਕੌਰ ਨੇ ਸਮੁੱਚੀ ਕਹਾਣੀ ਬਿਆਨ ਕਰਦਿਆਂ ਵਿਧਾਨ ਸਭਾ ਦੀ ਦਰਸ਼ਕ ਗੈਲਰੀ ਵਿੱਚ ਬੈਠੇ ਮਲੋਟ ਹਲਕੇ ਦੇ ਇੱਕ ਪਿੰਡ ਦੇ ਬਜ਼ੁਰਗ ਤੇ ਨੌਜਵਾਨ ਵੱਲ ਸਭ ਦਾ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਮਲੋਟ ਹਲਕੇ ਦੇ ਟੇਲਾਂ ’ਤੇ ਪੈਂਦੇ ਪਿੰਡ 50 ਸਾਲਾਂ ਤੋਂ ਪਾਣੀ ਨੂੰ ਤਰਸ ਰਹੇ ਸਨ। ਪਿੰਡ ਬਲਮਗੜ੍ਹ, ਰਾਮਗੜ੍ਹ, ਰਾਮ ਨਗਰ, ਤਰਖਾਣਵਾਲਾ ਆਦਿ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨ ਕਰਜ਼ਿਆਂ ਹੇਠ ਦੱਬ ਕੇ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਏ। ਮੰਤਰੀ ਨੇ ਕਿਹਾ ਕਿ ਇਹ ਉਹ ਪਿੰਡ ਹਨ ਜਿਨ੍ਹਾਂ ਨੂੰ ਕਦੇ ਅਕਾਲੀ ਦਲ ਤੇ ਕਦੇ ਕਾਂਗਰਸ ਨੇ ਗੋਦ ਲਿਆ ਸੀ ਪਰ ਫਿਰ ਵੀ ਕਿਧਰੇ ਸੁਣਵਾਈ ਨਹੀਂ ਹੋਈ। ਮੰਤਰੀ ਨੇ ਦੱਸਿਆ ਕਿ ਉਹ ਇੱਕ ਦਿਨ ਇਨ੍ਹਾਂ ਬਜ਼ੁਰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜਲੰਧਰ ਗਏ ਸਨ। ਉੱਥੇ ਮੁੱਖ ਮੰਤਰੀ ਨੇ ਲੋਕਾਂ ਦਾ ਦਰਦ ਸੁਣਿਆ ਤੇ ਤੁਰੰਤ ਕੰਮ ਸ਼ੁਰੂ ਕਰਵਾਇਆ।

ਡਾ. ਬਲਜੀਤ ਕੌਰ ਨੇ ਸੁਰਜੀਤ ਪਾਤਰ ਦੀ ਨਜ਼ਮ ਦਾ ਹਵਾਲਾ ਦਿੱਤਾ, ‘ਕਿਸੇ ਦਾ ਸੂਰਜ, ਕਿਸੇ ਦਾ ਦੀਵਾ, ਕਿਸੇ ਦਾ ਤੀਰ ਕਮਾਨ, ਸਾਡੀ ਅੱਖ ਵਿੱਚੋਂ ਡਿੱਗਦਾ ਹੰਝੂ ਸਾਡਾ ਚੋਣ ਨਿਸ਼ਾਨ।’ ਉਨ੍ਹਾਂ ਕਿਹਾ ਕਿ ਇਹ ਭਗਵੰਤ ਮਾਨ ਦੀ ਸਰਕਾਰ ਹੀ ਹੈ ਜੋ ਆਖਦੀ ਹੈ ਕਿ ‘ਪਹਿਲਾਂ ਪਾਣੀ ਪਹੁੰਚੇਗਾ, ਫਿਰ ਚੋਣ ਨਿਸ਼ਾਨ।’ ਉਨ੍ਹਾਂ ਕਿਹਾ ਕਿ ਅੱਜ ਇਸ ਹਲਕੇ ’ਚ ਮੋਘਿਆਂ ਦੀ ਮੁਰੰਮਤ ਹੋ ਰਹੀ ਹੈ ਤੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕਰੀਬ ਡੇਢ ਸਾਲ ਬਾਅਦ ਸਦਨ ’ਚ ਸੁਣੀ ਗਈ। ਇਸ ਵਿਧਾਇਕ ਦੀ ਜਦੋਂ ਬੋਲਣ ਦੀ ਵਾਰੀ ਕੱਟ ਦਿੱਤੀ ਗਈ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਕੀਤਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣਾ ਸਮਾਂ ਵੀ ਸੁਖਪਾਲ ਖਹਿਰਾ ਨੂੰ ਦੇ ਦਿੱਤਾ। ਸ੍ਰੀ ਖਹਿਰਾ ਨੇ ਕਬੂਲ ਕੀਤਾ ਕਿ ਉਹ ਡੇਢ ਸਾਲ ਬਾਅਦ ਰਿਕਾਰਡ ’ਤੇ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਡੀਪ ਸਟੇਟ ਵੱਲੋਂ ਘੱਟ ਗਿਣਤੀ ਰਾਜਾਂ ਖ਼ਾਸ ਕਰ ਕੇ ਪੰਜਾਬ ਨਾਲ ਸਾਜ਼ਿਸ਼ ਕੀਤੀ ਜਾ ਰਹੀ ਹੈ ਅਤੇ ਬੀਬੀਐੱਮਬੀ ਦੇ ਫ਼ੈਸਲੇ ਵੀ ਇਸੇ ਦਾ ਨਮੂਨਾ ਹਨ।

Advertisement
Show comments