ਬਲਜਿੰਦਰ ਢਿੱਲੋਂ ‘ਆਪ’ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਬਣੇ
ਪਟਿਆਲਾ, 31 ਮਈ
ਇੱਥੇ ਪਟਿਆਲਾ ਭੁਨਰਹੇੜੀ ਸੜਕ ’ਤੇ ਸਥਿਤ ਉਤਰੀ ਭਾਰਤ ਪੱਧਰ ਦੇ ਮਨੋਰੰਜਨ ਪਾਰਕ ਫਨਵਰਡ ਦੇ ਸੰਚਾਲਕ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਢਿੱਲੋਂ ਨੂੰ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੇ ਅੱਜ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਪਟਿਆਲਾ ਦਾ ਇੰਚਾਰਜ ਨਿਯੁਕਤ ਕੀਤਾ ਹੈ। ਲੰਘੀਆਂ ਚੋਣਾਂ ਦੌਰਾਨ ਉਹ ਵਿਧਾਨ ਸਭਾ ਹਲਕਾ ਸਨੌਰ ਤੋਂ ‘ਆਪ’ ਦੀ ਟਿਕਟ ਦੇ ਦਾਵੇਦਾਰ ਵੀ ਸਨ ਪਰ ਟਿਕਟ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਦੇ ਸੇਵਾਵਾਂ ਜਾਰੀ ਰੱਖੀਆਂ। ਇਸ ਤਹਿਤ ਅੱਜ ਪਾਰਟੀ ਨੇ ਬਲਜਿੰਦਰ ਸਿੰਘ ਨੂੰ ਲੋਕ ਸਭਾ ਹਲਕਾ ਪਟਿਆਲਾ ਦਾ ਇੰਚਾਰਜ ਲਾਇਆ ਹੈ। ਇਸ ਤੋਂ ਪਹਿਲਾਂ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਦੀ ਜ਼ਿੰਮੇਵਾਰੀ ਸਨੌਰ ਹਲਕੇ ਨਾਲ ਹੀ ਸਬੰਧਿਤ ਇੰਦਰਜੀਤ ਸਿੰਘ ਸੰਧੂ ਵੱਲੋਂ ਨਿਭਾਈ ਜਾ ਰਹੀ ਸੀ ਪਰ ਪਿਛਲੇ ਦਿਨੀਂ ਉਨ੍ਹਾਂ ਨੂੰ ਪੰਜਾਬ ਪੱਧਰ ਦੀ ਇਕ ਚੇਅਰਮੈਨੀ ਦੇ ਕੇ ਨਿਵਾਜਿਆ ਗਿਆ।
ਦੂਜੇ ਪਾਸੇ ਅੱਜ ਹੋਈ ਇਸ ਨਿਯੁਕਤੀ ਤੋਂ ਬਾਅਦ ਇੰਦਰਜੀਤ ਸੰਧੂ ਨੇ ਖੁਦ ਆਪਣੀ ਟੀਮ ਸਣੇ ਬਲਜਿੰਦਰ ਸਿੰਘ ਢਿੱਲੋਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਇਸ ਨਵੀਂ ਪਾਰੀ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦਾ ਸਵਾਗਤ ਵੀ ਕੀਤਾ।
ਸ਼ੇਰਮਾਜਰਾ ਮੁੜ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ
ਪਾਰਟੀ ਹਾਈ ਕਮਾਨ ਨੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਨੂੰ ਮੁੜ ਤੋਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਜਦਕਿ ਪਟਿਆਲਾ ਦੇ ਐਮਸੀ ਤਜਿੰਦਰ ਸਿੰਘ ਮਹਿਤਾ ਨੂੰ ਲਗਾਤਾਰ ਤੀਜੀ ਵਾਰ ਆਮ ਆਦਮੀ ਪਾਰਟੀ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।